ਕੋਟਕਪੂਰਾ : ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਇਸ ਕੇਸ ਦੀ ਸਟੇਟਸ ਰਿਪੋਰਟ ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਜਾਂਚ ਟੀਮ ਦੀ ਮੰਗ ਉਤੇ ਅਦਾਲਤ ਨੇ ਇਸ ਸਟੇਟਸ ਰਿਪੋਰਟ ਨੂੰ ਗੁਪਤ ਰੱਖਣ ਦੇ ਆਦੇਸ਼ ਦਿੱਤੇ ਹਨ ਅਤੇ ਇਹ ਰਿਪੋਰਟ 20 ਅਗਸਤ ਨੂੰ ਜਨਤਕ ਹੋ ਸਕਦੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਗੁਲਨੀਤ ਸਿੰਘ ਖੁਰਾਣਾ ਨੇ ਖ਼ੁਦ ਅਦਾਲਤ ਵਿੱਚ ਪੇਸ਼ ਹੋ ਕੇ ਇਹ ਰਿਪੋਰਟ ਸੌਂਪੀ। ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਸਟੇਟਸ ਰਿਪੋਰਟ ਹੁਣੇ ਜਨਤਕ ਹੁੰਦੀ ਹੈ ਤਾਂ ਇਸ ਨਾਲ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਉਤੇ ਅਸਰ ਪੈ ਸਕਦਾ ਹੈ। ਕਾਬਿਲੇਗੌਰ ਹੈ ਕਿ ਫ਼ਰੀਦਕੋਟ ਦੀ ਅਦਾਲਤ ਨੇ 13 ਜੁਲਾਈ ਨੂੰ ਆਪਣੇ ਹੁਕਮ ਵਿੱਚ ਜਾਂਚ ਟੀਮ ਨੂੰ ਕਿਹਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ। 20 ਅਗਸਤ ਨੂੰ ਇੱਥੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਵੀ ਹੋਣੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ ਨੂੰ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਕੇਸਾਂ ਦੀ ਸੁਣਵਾਈ ਇਕੱਠੀ ਕੀਤੀ ਜਾਵੇ। ਜਦਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਅਜੇ ਤੱਕ ਚਲਾਨ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਇਸ ਕਰ ਕੇ ਅਦਾਲਤ ਨੇ ਜਾਂਚ ਟੀਮ ਤੋਂ ਸਟੇਟਸ ਰਿਪੋਰਟ ਮੰਗੀ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਕਰਨ ਬਾਰੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ ਹੈ। ਇਸ ਅਰਜ਼ੀ ਉਤੇ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ : ਕਲੋਨੀ 'ਚ ਮਰੇ ਪਸ਼ੂ ਸੁੱਟਣ ਆਏ ਲੋਕਾਂ ਨਾਲ ਵਿਵਾਦ ਮਗਰੋਂ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ