ਸ੍ਰੀ ਅਕਾਲ ਤਖ਼ਤ ਸਾਹਿਬ : ਸਿਰਜਣਾ ਤੇ ਸਿਧਾਂਤ

By  PTC NEWS July 1st 2022 08:56 PM -- Updated: July 1st 2022 08:59 PM

ਅੰਮ੍ਰਿਤਸਰ: ਕਹਿੰਦੇ ਨੇ ਕੋਈ ਕੌਮ ਜਦੋਂ ਕਿਸੇ ਖ਼ਾਸ ਜਿੰਮੇਵਾਰੀ ਨੂੰ ਚੁੱਕਣ ਦੇ ਯੋਗ ਹੋ ਜਾਵੇ ਤਾਂ ਉਸ ਦਾ ਸਿਧਾਂਤ ਘੜਿਆ ਜਾਂਦਾ ਹੈ । ਅਜਿਹਾ ਘੜਿਆ ਹੋਇਆ ਸਿਧਾਂਤ ਹੀ ਫ਼ਿਰ ਉਸ ਕੌਮ ਨੂੰ ਨਵੇਂ ਦਰੀਚੇ ਅਤੇ ਨਵੀਂ ਲੋਅ ਪ੍ਰਦਾਨ ਕਰਦਾ ਹੈ । ਸਿੱਖ ਕੌਮ ਇਕ ਅਜਿਹੀ ਜੁਝਾਰੂ ਕੌਮ ਹੈ ਜਿਸ ਨੂੰ ਆਪਣੇ ਵਿਰਸੇ ਵਿੱਚੋਂ ਸਹਿਜ, ਸੰਤੋਖ ਅਤੇ ਦਲੇਰੀ ਦਾ ਸੱਤ ਪ੍ਰਾਪਤ ਹੈ । ਛੇਵੀਂ ਨਾਨਕ ਜੋਤ, ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਦ ਸਿੱਖ ਕੌਮ ਦੇ ਰੋਸ ਨੂੰ ਸਾਹਸੀ ਬਲ ਪ੍ਰਦਾਨ ਕਰਦਿਆਂ ਮੀਰੀ ਪੀਰੀ ਦੀ ਅਗਵਾਈ ਦਿੱਤੀ । ਬੀਰਤਾ, ਭਰੋਸੇ ਅਤੇ ਸਿਦਕਦਿਲੀ ਨਾਲ ਸ੍ਰੀ ਅਕਾਲ ਤਖ਼ਤ ਦੀ ਰਹਿਨੁਮਾਈ ਦਿੱਤੀ । ਅਕਾਲ ਤਖ਼ਤ ਭਾਵ ਕਾਲ ਅਤੇ ਸਮੇਂ ਦੇ ਅਸਰ ਤੋਂ ਰਹਿਤ ਰਾਜ ਅਤੇ ਤਾਕਤ । ਐਸੀ ਬਾਦਸ਼ਾਹਤ ਜੋ ਅਕਲੀ ਭਰੋਸੇ ਨਾਲ ਨਿਵਾਜੀ ਅਤੇ ਨਿਡਰਤਾ ਦੇ ਭਾਵ ਨਾਲ ਸਿਰਜੀ ਗਈ ।  ਇਤਿਹਾਸਕ ਸਰੋਤ ਇਹ ਵੀ ਦੱਸਦੇ ਨੇ ਕਿ ਸ੍ਰੀ ਅਕਾਲ ਤਖ਼ਤ ਨੂੰ ਪਹਿਲੇ-ਪਹਿਲ ਅਕਾਲ ਬੁੰਗੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ । ਸਿੱਖ ਫਲਸਫੇ ਵਿੱਚ ਅਕਾਲ ਤਖ਼ਤ ਨੂੰ ਅਕਾਲੀ ਬਾਦਸ਼ਾਹਤ ਦੇ ਰੂਪ ਵਿੱਚ ਕਬੂਲਿਆ ਗਿਆ । ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਾਰਮਿਕ ਪ੍ਰਭੂਸੱਤਾ ਦਾ ਮੁੱਖ ਕੇਂਦਰ ਅਤੇ ਸਿੱਖ ਰਾਜਨੀਤੀ ਦੀ ਅਜਿਹੀ ਪਾਠਸ਼ਾਲਾ ਹੈ ਜੋ ਹਰ ਸਿੱਖ ਨੂੰ ਇੱਕੋ ਸਮੇਂ ਰਾਜਸੀ ਅਗਵਾਈ ਅਤੇ ਰੂਹਾਨੀ ਪ੍ਰਭੂਸੱਤਾ ਪ੍ਰਦਾਨ ਕਰਦੀ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਅਜਿਹਾ ਪਾਵਨ ਅਸਥਾਨ ਹੈ ਜਿੱਥੋਂ ਸਿੱਖੀ ਅਤੇ ਸਿੱਖਾਂ ਦੇ ਅੰਦਰੂਨੀ, ਕੌਮਾਂਤਰੀ ਅਤੇ ਕੌਮੀ ਪੱਧਰ ਦੇ ਮਸਲਿਆਂ ਦੀ ਅਗਵਾਈ ਕੀਤੀ ਜਾਂਦੀ ਹੈ । ਮੂਲ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਅਗਵਾਈ ਹੀ ਹਰ ਸਿੱਖ ਨੂੰ ਸਿੱਖੀ ਸਿਧਾਂਤਾਂ, ਸਿੱਖ ਮਸਲਿਆਂ ਅਤੇ ਸਿੱਖ ਰਾਜਨੀਤੀਕ ਸੇਧਾਂ ਦੇ ਹਰ ਪੱਖ ਦੇ ਸੰਸਿਆਂ ਤੋਂ ਬਾਹਰ ਨਿਕਲਣ ਦਾ ਹੱਲ ਦਿੰਦੀ ਹੈ । ਇਥੋਂ ਕਿਸੇ ਵੀ ਸਿੱਖ ਸਿਧਾਂਤ ਜਾਂ ਰਹਿਤ ਸੰਬੰਧੀ ਮਸਲੇ ਬਾਰੇ ਰਹਿਨੁਮਾਈ ਜਾ ਸਪੱਸ਼ਟੀਕਰਨ ਲਈ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ ਹਨ । ਸ੍ਰੀ ਅਕਾਲ ਸਾਹਿਬ ਤੋਂ ਪ੍ਰਾਪਤ ਸੇਧ ਸਦਕੇ ਹੀ ਸਿੱਖ ਕਿਸੇ ਵੀ ਧਾਰਮਿਕ ਮਸਲੇ ਸੰਬੰਧੀ ਨਿਪਟਾਰੇ ਲਈ ਦੁਬਿਧਾ ਰਹਿਤ ਹੋ ਕੇ ਸਿੱਖੀ ਮਾਰਗ ਦਾ ਪਾਂਧੀ ਬਣਦਾ ਹੈ । ਸਿੱਖ ਸੱਭਿਆਚਾਰ ਅਤੇ ਰਹਿਣੀ ਬਹਿਣੀ ਵਿੱਚ ਜਦੋਂ ਜਦੋਂ ਵੀ ਖਾਲਸੇ 'ਤੇ ਭੀੜ ਬਣੀ ਤਾਂ ਸਿੱਖ ਕੌਮ ਨੇ ਹਮੇਸ਼ਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਵਿੱਚ ਆਪਣੀ ਹੋਂਦ ਦੇ ਨਵ ਅਧਿਆਈ ਦਾ ਨਿਰਮਾਣ ਕੀਤਾ । ਸਿੱਖੀ ਜੀਵਨ ਜਾਚ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਵਰੂਪ ਹਰ ਗੁਰੂ ਪਿਆਰੇ ਨੂੰ ਚੜ੍ਹਦੀ ਕਲਾ ਅਤੇ ਅਕਲੀ ਭਰੋਸੇ ਦੀ ਸ਼ਾਹਦੀ ਦਿੰਦਾ ਹੈ । ਇਹ ਵੀ ਪੜ੍ਹੋ:ਪਾਕਿਸਤਾਨ ਚੋਣਾਂ 'ਚ ਇਮਰਾਨ ਖਾਨ ਦੀ ਪਾਰਟੀ ਦੇ ਪੋਸਟਰ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ -PTC News

Related Post