ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਵਿਸ਼ੇਸ਼: ਪੰਜਾਬੀ ਪੜ੍ਹੋ ਤੇ ਪੰਜਾਬੀ ਬੋਲੋ

By  Pardeep Singh February 21st 2022 12:01 PM -- Updated: February 21st 2022 12:06 PM

ਚੰਡੀਗੜ੍ਹ: ਭਾਸ਼ਾ ਇਕ ਅਤਿਅੰਤ ਜਟਿਲ,ਮਹੱਤਵਪੂਰਨ ਅਤੇ ਚਿੰਨ੍ਹਾਤਮਕ ਮਾਨਵੀ ਵਰਤਾਰਾ ਹੈ,ਜਿਸ ਦੁਆਰਾ ਵਿਚਾਰਾਂ ਅਤੇ ਭਾਵਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਭਾਸ਼ਾ ਸਾਰਥਕ ਧੁਨੀਆਂ ਜਾਂ ਬੋਲਾਂ ਦੇ ਸਮੂਹ ਨੂੰ ਕਹਿ ਸਕਦੇ ਹਾਂ। ਸਮਾਜਿਕ ਵਿਕਾਸ ਅਤੇ ਪਰਿਵਰਤਨ ਦੀ ਸੂਚਨਾ ਭਾਸ਼ਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਭਾਸ਼ਾ ਮਨੁੱਖ ਦੇ ਸੰਚਾਰ,ਪ੍ਰਸਾਰ ਅਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਮਾਂ ਬੋਲੀ ਦਿਵਸ ਤੋਂ ਭਾਵ ਹੈ ਜਿਹੜੀ ਭਾਸ਼ਾ ਕੋਈ ਵੀ ਬੱਚਾ ਜਨਮ ਤੋ ਬਾਅਦ ਆਪਣੀ ਮਾਂ ਦੇ ਦੁੱਧ ਤੋਂ ਗ੍ਰਹਿਣ ਕਰਦਾ ਹੈ,ਅਤੇ ਹੌਲੀ-ਹੌਲੀ ਮਾਂ ਦੇ ਮੁੱਖ ਚੋਂ ਨਿਕਲੇ ਸ਼ਬਦਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਂ ਬੋਲੀ  ਨੂੰ ਇਕ ਬੱਚਾ ਆਪਣੀ ਮਾਂ,ਪਰਿਵਾਰ ਅਤੇ ਚੌਗਿਰਦੇ ਤੋਂ ਆਸਾਨੀ ਨਾਲ ਸਹਿਜੇ ਸਹਿਜੇ ਹੀ ਸਿਖਦਾ ਜਾਂਦਾ ਹੈ। ਇਹ ਇਕੋ ਇਕ ਅਜਿਹਾ ਮਾਧਿਅਮ ਹੈ ਜੋ ਮਨੁੱਖ ਵਿੱਚ ਮਨੁੱਖਤਾ ਲਿਆਉਂਦੀ ਹੈ। ਹਰ ਵਿਅਕਤੀ ਮਾਂ ਬੋਲੀ ਨੂੰ ਬਹੁਤ ਅਸਾਨੀ ਨਾਲ ਅਤੇ ਛੇਤੀ ਸਿੱਖ ਲੈਂਦਾ ਹੈ ਕਿਉਂਕਿ ਮਾਂ ਬੋਲੀ ਦਾ ਵਾਤਾਵਰਨ ਵਿਚ ਵਿਆਪਕ ਪਸਾਰਾ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਮਾਂ ਬੋਲੀ ਹੀ ਮਨੁੱਖ ਵਿਚ ਅਜਿਹੇ ਗੁਣ ਪੈਦਾ ਕਰ ਸਕਦੀ ਹੈ ਜਿਸ ਨਾਲ ਉਹ ਸਮਾਜ ਵਿੱਚ ਸਤਿਕਾਰਿਆ ਜਾਂਦਾ ਹੈ। ਯੁਨੈਸਕੋ ਨੇ 21 ਫਰਵਰੀ ਨੂੰ ਮਾਂ ਬੋਲੀ ਦਿਵਸ ਮਨਾਉਣ ਦਾ ਮਹੱਤਵਪੂਰਨ ਤੇ ਇਤਿਹਾਸਕ ਫੈਸਲਾ ਦਿੱਤਾ। ਪੂਰਬੀ ਬੰਗਾਲ ਜਿਸ ਨੂੰ ਪੁਰਬੀ ਪਾਕਿਸਤਾਨ ਕਿਹਾ ਜਾਂਦਾ ਸੀ, ਉੱਥੇ ਪੱਛਮੀ ਪਾਕਿਸਤਾਨ ਵਾਲੇ ਉਰਦੂ ਤੇ ਫਾਰਸੀ ਲਾਗੂ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਮਾਂ ਬੋਲੀ ਬੰਗਾਲੀ ਸੀ ਅਤੇ ਉਨ੍ਹਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਾਂ ਬੋਲੀ ਦੇ ਸਨਮਾਨ ਲਈ ਵਿੱਢੇ ਇਸ ਸੰਘਰਸ਼ ਨੂੰ ਸਰਕਾਰ ਨੇ ਸਖਤੀ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ ਅਤੇ ਸ਼ਾਂਤੀ ਨਾਲ ਮੁਜਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉੱਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ਵੱਲੋਂ 21 ਫਰਵਰੀ, 1952 ਨੂੰ ਗੋਲੀ ਚਲਾਈ ਗਈ, ਜਿਸ ਵਿੱਚ ਅਨੇਕਾਂ ਲੋਕ ਸ਼ਹੀਦ ਹੋ ਗਏ। ਇਹ ਦਿਨ ਪੂਰਬੀ ਪਾਕਿਸਤਾਨ ਦੇ ਇਤਿਹਾਸ ਵਿੱਚ ‘ਟਰਨਿੰਗ ਪੁਆਇੰਟ’ ਸਾਬਿਤ ਹੋਇਆ। 29 ਫਰਵਰੀ 1956 ਨੂੰ ਪਾਕਿਸਤਾਨ ਨੇ ਸੰਵਿਧਾਨ ਵਿੱਚ ਤਰਮੀਮ ਕਰਕੇ ਬੰਗਾਲੀ ਤੇ ਉਰਦੂ ਦੋਵਾਂ ਨੂੰ ਲਾਗੂ ਕਰਨ ਦੀ ਸਹਿਮਤੀ ਦਿੱਤੀ ਪਰ ਬੰਗਾਲੀ ਦਾ ਦਮਨ ਫਿਰ ਵੀ ਜਾਰੀ ਰਿਹਾ ਤੇ ਮਾਤ ਭਾਸ਼ਾ ਪ੍ਰੇਮੀਆਂ ਅੰਦਰ ਵਿਦਰੋਹ ਦੀ ਚਿੰਗਾੜੀ ਭੱਖਦੀ ਰਹੀ ਤੇ 1971 ਵਿੱਚ ਭਾਂਬੜ ਬਣ ਕੇ ਉੱਠੀ ਤੇ ਪੂਰਬੀ ਪਾਕਿਸਤਾਨ ਪੱਛਮੀ ਪਾਕਿਸਤਾਨ ਤੋਂ ਆਜਾਦ ਹੋ ਕੇ ਬੰਗਲਾ ਦੇਸ਼ ਬਣ ਗਿਆ। 21 ਫਰਵਰੀ 1972 ਨੂੰ ਬੰਗਲਾ ਦੇਸ਼ ਦੇ ਸੰਵਿਧਾਨ ਮੁਤਾਬਕ ਬੰਗਾਲੀ ਨੂੰ ਰਾਸ਼ਟਰੀ ਭਾਸ਼ਾ ਬਣਾਇਆ ਗਿਆ। ਬੰਗਲਾ ਦੇਸ਼ ਵਲੋਂ ਯੁਨੈਸਕੋ ਨੂੰ ਫੌਰਨ ਇਹ ਸੁਝਾਅ ਭੇਜਿਆ ਗਿਆ ਕਿ ਸਾਡੀ ਮਾਤ ਭਾਸ਼ਾ ਨੂੰ ਇਸ ਦਿਨ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਨਰਲ ਕਾਨਫਰੰਸ ਵਿੱਚ ਯੁਨੈਸਕੋ ਵੱਲੋਂ 21 ਫਰਵਰੀ ਨੂੰ ਮਾਂ ਬੋਲੀ ਦਿਵਸ ਵੱਜੋਂ ਮਨਾਉਣ ਦਾ ਸਮਰਥਨ ਦੇ ਦਿੱਤਾ ਗਿਆ। ਇਸ ਦਿਨ ਸੰਸਾਰ ਪੱਧਰ ‘ਤੇ ਹਰ ਖਿੱਤੇ ਵਿੱਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ। 1967 ਵਿੱਚ ਭਾਵੇਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲ ਗਿਆ ਪਰ 11 ਨਵੰਬਰ 1966 ਤੋਂ ਲੇ ਕੇ ਹੁਣ ਤੱਕ 36 ਵਰਿਆਂ ਤੱਕ ਵੀ ਪੰਜਾਬੀ ਨੂੰ ਆਪਣੇ ਵਿਹੜੇ ਵਿੱਚ ਵੀ ਉਹ ਸਤਿਕਾਰ ਨਹੀਂ ਮਿਲ ਸਕਿਆ, ਜਿਸ ਦੀ ਇਹ ਹੱਕਦਾਰ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਅਕਤੂਬਰ, 2008 ਵਿੱਚ ਪੰਜਾਬੀ ਦੀ ਅਣਦੇਖੀ ਤੇ ਉਲੰਘਣਾ ਕਰਨ ਲਈ ਸਜਾ ਦਾ ਕਾਨੂੰਨ ਪਾਸ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਲਈ ਬੜੇ ਸੁਚਾਰੂ ਕਦਮ ਚੁੱਕੇ। ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਵੀ ਭਾਰਤ ਵਿੱਚ ਰਚੇ ਗਏ ਵੇਦਾਂ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਦਾ ਨਿਕਾਸ ‘ਵੈਦਿਕ’ਭਾਸ਼ਾ ਵਿੱਚੋਂ ਹੋਇਆ। ਅਸੀਂ ਉਨ੍ਹਾਂ ਆਰੀਆਂ ਲੋਕਾਂ ਦੀ ਸੰਤਾਨ ਹਾਂ ਜਿਹਨਾਂ ਨੇ ਕਿਸੇ ਸਮੇਂ ਦਰਿਆਵਾਂ ਦੇ ਕੰਢੇ ਰਹਿੰਦੇ ਹੋਇਆਂ ਵੇਦਾਂ ਦੀ ਰਚਨਾ ਕੀਤੀ ਸੀ। ਇਸ ਲਈ ਅਸੀਂ ਵੈਦਿਕ ਭਾਸ਼ਾ ਨੂੰ ਪੰਜਾਬੀ ਭਾਸ਼ਾ ਦੀ “ਜਨਣੀ” ਕਹਿ ਸਕਦੇ ਹਾਂ। ਵੈਦਿਕ ਭਾਸ਼ਾ ਵਿਚੋਂ ਨਿਕਲੀਆਂ ਪ੍ਰਕਿਰਤ, ਅਭ੍ਰੰਸ਼, ਸੰਸਕ੍ਰਿਤ, ਮਗਧੀ, ਪਾਲੀ,ਸੌਰਸੈਨੀ,ਪਿਸਾਚੀ ਆਦਿ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦਾ ਨਿਕਾਸ ਹੋਇਆ ਹੈ ।ਪੰਜਾਬੀ ਭਾਸ਼ਾ ਪ੍ਰਾਚੀਨ ਸਮੇਂ ਤੋਂ ਹੀ ਤੁਰੀ ਆ ਰਹੀ ਹੈ, ਕੇਵਲ ਇਸੇ ਨਾਮ ਹੀ ਬਦਲਦੇ ਰਹੇ ਹਨ। ਬਹੁਤੀ ਵਾਰ ਪੰਜਾਬੀ ਭਾਸ਼ਾ ਨੂੰ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ ਵੱਖ ਨਾਮ ਦੇਣ ਦਾ ਯਤਨ ਕੀਤਾ ਗਿਆ ਹੈ। ਅੱਠਵੀਂ ਨੌਵੀਂ ਸਦੀ ਵਿੱਚ ਪੰਜਾਬੀ ਆਪਣਾ ਵਰਤਮਾਨ ਰੂਪ ਧਾਰਨ ਕਰ ਚੁੱਕੀ ਸੀ। ਪੰਜਾਬੀ ਦੇ ਅਧਿਆਪਕ/ਪ੍ਰਾਧਿਆਪਕ ਵੀ ਅਪਣੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਨਿਜੀ ਸਕੂਲਾਂ ਵਿਚ ਪੜ੍ਹਾ ਰਹੇ ਹਨ ਜਾਂ ਪੜ੍ਹਾਉਣਾ ਪਸੰਦ ਕਰਦੇ ਹਨ। ਹੁਣ ਇਥੇ ਖ਼ੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਪੰਜਾਬੀ ਦੀ ਤ੍ਰਾਸਦੀ ਇਸ ਤੋਂ ਵਧ ਕੀ ਹੋਵੇਗੀ? ਸਾਨੂੰ ਸਾਰਿਆਂ ਨੂੰ ਪੰਜਾਬੀ ਮਧਿਅਮ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਅਤੇ ਵਿਸ਼ਵ ਨਾਲ ਜੁੜਨ ਲਈ ਹੋਰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆ ਹਨ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 21 ਫਰਵਰੀ ਦੇ ਮੌਕੇ 'ਤੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀ ਤਸਵੀਰ ਬਣਾਈ ਗਈ। ਡਾ. ਸੁਰਜੀਤ ਪਾਤਰ ਪੰਜਾਬ ਦੇ ਪੰਜਾਬੀ ਭਾਸ਼ਾ ਦੇ ਵੱਡੇ ਕਵੀ ਹਨ। ਉਨ੍ਹਾਂ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ 2012 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਵਿਸ਼ੇਸ਼: ਪੰਜਾਬੀ ਪੜ੍ਹੋ ਤੇ ਪੰਜਾਬੀ ਬੋਲੋ ਇਸ ਚਿੱਤਰ ਨੂੰ ਤਿਆਰ ਕਰਨ ਲਈ ਤਖ਼ਤੀ ਉੱਤੇ ਪੰਜਾਬੀ ਵਰਣਮਾਲਾ ਦੇ ਅੱਖਰ ਲਿਖੇ। ਡਿਜੀਟਲ ਵਰਲਡ ਵਿੱਚ ਤਖ਼ਤੀ ਲੱਭਣਾ ਔਖਾ ਸੀ। ਇਹ ਤਖ਼ਤੀ ਲਗਪਗ 16 ਸਾਲ ਪੁਰਾਣੀ ਹੈ ਅਤੇ ਮਨੋਜ ਨਾਮਕ ਵਿਅਕਤੀ ਜੋ ਬਿਜਲੀ ਦੀ ਦੁਕਾਨ 'ਤੇ ਨੌਕਰੀ ਕਰ ਰਿਹਾ ਹੈ, ਉਨ੍ਹਾਂ ਦੁਆਰਾ ਤਸਵੀਰ ਬਣਾਈ ਗਈ ਸੀ। ਉਸ ਅਨੁਸਾਰ ਇਹ ਲੱਕੜ ਦਾ ਟੁਕੜਾ ਨਹੀਂ ਹੈ, ਪਰ ਇਸ ਨੂੰ ਦੇਵੀ ਸਰਸਵਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਵੀ ਪੜ੍ਹੋ:ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਵਿਸ਼ੇਸ਼: ਡਾ. ਸੁਰਜੀਤ ਪਾਤਰ ਦੀ ਬਣਾਈ ਫੱਟੀ 'ਤੇ ਤਸਵੀਰ -PTC News

Related Post