ਚੰਡੀਗੜ੍ਹ, 16 ਅਗਸਤ: ਪੰਜਾਬ ਪੁਲਿਸ ਦੇ ਐਸਪੀ ਗੁਰਜੋਤ ਸਿੰਘ ਕਲੇਰ ਨੇ ਆਪਣੇ ਮਹਿਕਮੇ ਵੱਲੋਂ ਸੂਬੇ ਵਿੱਚ ਨਸ਼ਿਆਂ ਵਿਰੁੱਧ ਜੰਗ ਦੀ ਵਚਨਬੱਧਤਾ ਨੂੰ ਦ੍ਰਿੜ ਕਰਦਿਆਂ ਵਿਸ਼ਵ ਦੇ ਸਭ ਤੋਂ ਉੱਚੇ ਫ੍ਰੀ-ਸਟੈਂਡਿੰਗ ਪਹਾੜ 'ਮਾਊਂਟ ਕਿਲੀਮੰਜਾਰੋ' ਦੀ ਚੜ੍ਹਾਈ ਕੀਤੀ। ਤਕਰੀਬਨ 5,895 ਮੀਟਰ ਦੀ ਉਚਾਈ 'ਤੇ ਪੰਜਾਬ ਪੁਲਿਸ ਦੇ ਇਸ ਜਵਾਨ ਨੇ ਪਹੁੰਚ ਕੇ ਭਾਰਤ ਦਾ ਰਾਸ਼ਟਰੀ ਝੰਡਾ ਸਫਲਤਾਪੂਰਵਕ ਲਹਿਰਾਇਆ। ਮਾਊਂਟ ਕਿਲੀਮੰਜਾਰੋ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਹੈ ਅਤੇ ਤਨਜ਼ਾਨੀਆ (Tanzania) ਵਿੱਚ ਸਥਿਤ ਹੈ।
ਪੰਜਾਬ ਪੁਲਿਸ ਨੇ ਐਸਪੀ ਗੁਰਜੋਤ ਸਿੰਘ ਕਲੇਰ ਦੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ, "ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਪੰਜਾਬ ਪੁਲਿਸ ਦੇ ਐਸਪੀ ਕਲੇਰ ਨੇ 5,895 ਮੀਟਰ ਦੀ ਉਚਾਈ 'ਤੇ ਦੁਨੀਆ ਦੇ ਸਭ ਤੋਂ ਉੱਚੇ ਫ੍ਰੀ-ਸਟੈਂਡਿੰਗ ਪਹਾੜ ਮਾਉਂਟ ਕਿਲੀਮੰਜਰੋ ਦੇ ਸਿਖਰ 'ਤੇ ਭਾਰਤੀ ਝੰਡਾ ਲਹਿਰਾਇਆ। ਇਹ ਨਸ਼ਿਆਂ ਵਿਰੁੱਧ ਸਾਡੀ ਲੜਾਈ ਨੂੰ ਸਮਰਪਿਤ ਹੈ। ਮਾਊਂਟ ਕਿਲੀਮੰਜਾਰੋ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਉੱਚਾ ਪਹਾੜ ਹੈ ਅਤੇ ਤਨਜ਼ਾਨੀਆ ਵਿੱਚ ਸਥਿਤ ਹੈ।"
ਦੱਸ ਦੇਈਏ ਕਿ ਗੁਰਜੋਤ ਸਿੰਘ ਕਲੇਰ ਪੰਜਾਬ ਪੁਲਿਸ ਵਿੱਚ ਐਸਪੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਦੇਸ਼ ਵਾਸੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ 15,000 ਫੁੱਟ ਦੀ ਉਚਾਈ 'ਤੇ ਬੱਦਲਾਂ ਦੇ ਵਿਚਕਾਰ ਕੋਰੋਨਾ ਯੋਧਿਆਂ ਨੂੰ ਸਨਮਾਨ ਦਿੱਤਾ ਸੀ।
ਉਨ੍ਹਾਂ ਨੇ ਕਈ ਗੀਤ ਵੀ ਗਾਏ ਹਨ ਅਤੇ 2 ਕਿਤਾਬਾਂ ਵੀ ਲਿਖੀਆਂ ਹਨ। ਗੁਰਜੋਤ ਸਿੰਘ ਕਲੇਰ 2012 ਵਿੱਚ ਪੰਜਾਬ ਸਿਵਲ ਸਰਵਿਸਿਜ਼ ਇਮਤਿਹਾਨ ਪਾਸ ਕਰ ਸੇਵਾ 'ਚ ਆਏ ਅਤੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਵਜੋਂ ਨਿਯੁਕਤ ਹੋਏ ਸਨ।
ਇਹ ਵੀ ਪੜ੍ਹੋ: ਮਾਨ ਸਰਕਾਰ ਨੇ 25 ਹੋਰ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ
-PTC News