ਤਰਨਤਾਰਨ, 11 ਅਪ੍ਰੈਲ 2022: ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਧਗਾਣੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਕਲਯੁੱਗੀ ਪੁੱਤ ਵਲੋਂ ਆਪਣੇ ਪਿਤਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਦਰਿਆ ਵਿਚ ਸੁੱਟ ਦਿੱਤਾ ਗਿਆ ਅਤੇ ਬਾਅਦ ਵਿਚ ਥਾਣਾ ਸਦਰ ਪੱਟੀ ਵਿਖੇ ਗੁੰਮਸ਼ੁਦਗੀ ਦੀ ਦਰਖਾਸਤ ਵੀ ਦੇ ਦਿੱਤੀ। ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਹੋਈ ਸਖ਼ਤ, ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਬਾਅਦ ਵਿਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਸਭਰਾ ਦੇ ਨਜ਼ਦੀਕ ਬਿਆਸ ਦਰਿਆ ਵਿੱਚੋਂ ਗੁੰਮਸ਼ੁਦਾ ਵਿਅਕਤੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਪ੍ਰਤਾਪ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਉਸ ਦੀ ਲੜਕੀ ਪ੍ਰਤਾਪ ਸਿੰਘ ਨੂੰ ਮਾਰਨਾ ਚਾਹੁੰਦੇ ਸਨ ਅਤੇ ਬੀਤੇ ਦਿਨੀਂ ਵੀ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪ੍ਰਤਾਪ ਸਿੰਘ ਕਈ ਦਿਨਾਂ ਤੋਂ ਘਰ ਤੋਂ ਗਾਇਬ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਥਾਣਾ ਸਦਰ ਪੱਟੀ ਪੁਲਿਸ ਨੂੰ ਇਸ ਤੋਂ ਜਾਣੂ ਵੀ ਕਰਵਾਇਆ ਸੀ। ਇਹ ਜਾਣਕਾਰੀ ਹਾਸਿਲ ਹੋਣ ਮਗਰੋਂ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਪ੍ਰਤਾਪ ਸਿੰਘ ਦੇ ਬੇਟੇ ਸੁਰਿੰਦਰ ਸਿੰਘ ਉਰਫ਼ ਧਰਮਿੰਦਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਸੁਰਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਹੀ ਆਪਣੇ ਬਾਪ ਦਾ ਕਤਲ ਕਰਕੇ ਲਾਸ਼ ਸਭਰਾ ਦੇ ਨਜ਼ਦੀਕ ਬਿਆਸ ਦਰਿਆ ਵਿੱਚ ਸੁੱਟ ਦਿੱਤੀ ਸੀ। ਡੀਐੱਸਪੀ ਪੱਟੀ ਦੀ ਅਗਵਾਈ ਹੇਠ ਥਾਣਾ ਸਦਰ ਪੱਟੀ ਦੇ ਐੱਸਐੱਚਓ ਸਤਪਾਲ ਸਿੰਘ ਵਲੋਂ ਇੱਕ ਸਰਚ ਅਭਿਆਨ ਚਲਾਇਆ ਗਿਆ ਅਤੇ ਪ੍ਰਤਾਪ ਸਿੰਘ ਦੀ ਲਾਸ਼ ਨੂੰ ਦਰਿਆ ਵਿਚੋਂ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਤਾਪ ਸਿੰਘ ਦੀ ਲਾਸ਼ ਇੰਨੀ ਜ਼ਿਆਦਾ ਖ਼ਰਾਬ ਹਾਲਤ 'ਚ ਬਰਾਮਦ ਕੀਤੀ ਗਈ ਕਿ ਉਸਦੀ ਲਾਸ਼ ਨੂੰ ਕੁੱਤੇ ਨੋਚ ਨੋਚ ਕੇ ਖਾ ਰਹੇ ਸਨ। ਉਧਰ ਇਸ ਸਬੰਧੀ ਜਦ ਸਬ ਡਿਵੀਜ਼ਨ ਪੱਟੀ ਦੇ ਡੀਐੱਸਪੀ ਮਨਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਪੁੱਛਗਿੱਛ ਲਈ ਉਨ੍ਹਾਂ ਦੇ ਪਰਿਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਵੀ ਪੜ੍ਹੋ: ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖ਼ਤਰਾ ਜ਼ਿਆਦਾ: ਸਿਵਲ ਸਰਜਨ ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਦੀ ਨਿਸ਼ਾਨਦੇਹੀ ਤੇ ਹੀ ਪ੍ਰਤਾਪ ਸਿੰਘ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ, ਇਸ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਤੇ ਜਲਦੀ ਹੀ ਇਸ ਦਾ ਪਤਾ ਲਾ ਲਿਆ ਜਾਵੇਗਾ। - ਰਿਪੋਰਟਰ ਬਲਜੀਤ ਦੇ ਸਹਿਯੋਗ ਨਾਲ -PTC News