24 ਸਾਲ ਤੋਂ ਲਾਪਤਾ ਇੰਡੀਅਨ ਰੀਜ਼ਰਵ ਬਟਾਲੀਅਨ ਦਾ ਸਿਪਾਹੀ ਤੇ ਵਿਭਾਗ ਨੇ ਵੀ ਨਹੀਂ ਲਈ ਪਰਿਵਾਰ ਦੀ ਸਾਰ

By  Jasmeet Singh June 10th 2022 05:03 PM -- Updated: June 10th 2022 08:10 PM

ਅਮਨਦੀਪ ਲੱਕੀ, (ਫਰੀਦਕੋਟ, 10 ਜੂਨ): ਮਾਮਲਾ ਫਰੀਦਕੋਟ ਦੇ ਸੰਜੇ ਨਗਰ ਦਾ ਹੈ ਜਿੱਥੇ ਰਹਿਣ ਵਾਲੇ ਇਕ ਪਰਿਵਾਰ ਦਾ ਕਹਿਣਾਂ ਕਿ ਉਹਨਾਂ ਦੇ ਪਰਿਵਾਰ ਦਾ ਮੁਖੀ ਮਨਜੀਤ ਸਿੰਘ ਪਹਿਲੀ ਇੰਡੀਅਨ ਰੀਜ਼ਰਵ ਬਟਾਲੀਅਨ ਵਿਚ ਚੰਡੀਗੜ੍ਹ ਦਫਤਰ ਵਿਖੇ ਸਿਪਾਹੀ ਵਜੋਂ ਤੈਨਾਤ ਸੀ। ਜਿਸ ਦਾ ਨੰਬਰ 1/ 417 ਸੀ, ਪੀੜਤ ਪਰਿਵਾਰ ਦਾ ਦੱਸਣਾਂ ਕਿ ਮਿਤੀ 9 ਅਗਸਤ 1999 ਤੋਂ ਸਿਪਾਹੀ ਮਨਜੀਤ ਸਿੰਘ ਡਿਉਟੀ ਤੋਂ ਲਾਪਤਾ ਹੋ ਗਿਆ ਸੀ। ਜਿਸ ਦਾ ਅੱਜ ਤੱਕ ਕੋਈ ਵੀ ਥਹੁ ਪਤਾ ਨਹੀਂ ਚੱਲਿਆ ਅਤੇ ਨਾਂ ਹੀ ਵਿਭਾਗੀ ਅਧਿਕਾਰੀਆਂ ਵੱਲੋਂ ਉਸ ਦੀ ਭਾਲ ਲਈ ਕੋਈ ਕਾਰਵਾਈ ਕੀਤੀ ਗਈ। ਇਹ ਵੀ ਪੜ੍ਹੋ: ਦਿਨ-ਦਿਹਾੜੇ ਲੁੱਟ ਦੀ ਵਾਰਦਾਤ, ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਤੋਂ 1 ਕਰੋੜ ਰੁਪਏ ਲੁੱਟੇ ਲਾਪਤਾ ਸਿਪਾਹੀ ਮਨਜੀਤ ਸਿੰਘ ਦੇ ਲੜਕੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਨਜੀਤ ਸਿੰਘ ਪਹਿਲੀ ਆਈ.ਆਰ.ਬੀ. ਪਟਿਆਲਾ ਦੀ ਕੰਪਨੀ-ਬੀ ਚੰਡੀਗੜ੍ਹ ਵਿਖੇ ਸੀ, ਜਿਥੇ ਉਹ 9 ਅਗਸਤ 1999 ਨੂੰ ਲਾਪਤਾ ਹੋ ਗਿਆ ਅਤੇ ਕਦੀ ਵੀ ਵਾਪਸ ਨਹੀਂ ਪਰਤਿਆ। ਭਰੇ ਮੰਨ ਨਾਲ ਗੱਲ ਕਰਦਿਆਂ ਗੁਰਤੇਜ ਨੇ ਦੱਸਿਆ ਕਿ ਉਸ ਦੀ ਉਮਰ ਉਸ ਵਕਤ ਕਰੀਬ ਢਾਈ ਕੁ ਸਾਲ ਸੀ ਜਦੋਂ ਉਸ ਦਾ ਪਿਤਾ ਲਾਪਤਾ ਹੋਇਆ ਅਤੇ ਅੱਜ ਤੱਕ ਉਸ ਦਾ ਕੋਈ ਪਤਾ ਨਹੀਂ ਚੱਲ ਸਕਿਆ। ਗੁਰਤੇਜ ਨੇ ਦੱਸਿਆ ਕਿ ਉਸ ਨੇ ਬਹੁਤ ਵਾਰ ਵਿਭਾਗੀ ਅਧਿਕਾਰੀਆ ਅਤੇ ਪੁਲਿਸ ਦੇ ਆਲ੍ਹਾ ਅਧਿਕਾਰੀਆ ਪਾਸ ਗੁਹਾਰ ਲਗਾਈ ਪਰ ਕਿਤੋਂ ਵੀ ਉਸ ਨੂੰ ਕੋਈ ਭਰੋਸਾ ਨਹੀਂ ਮਿਲਿਆ। ਗੁਰਤੇਜ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਸੰਬਧੀ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਵੀ ਇਨਸਾਫ ਲਈ ਚਿੱਠੀ ਲਿਖੀ ਸੀ ਜਿਥੋਂ ਮਾਰਚ 2022 ਵਿਚ ਡੀਜੀਪੀ ਪੰਜਾਬ ਨੂੰ ਇਕ ਪੱਤਰ ਭੇਜਿਆ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਕਰੋ ਪਰ ਅੱਜ ਤੱਕ ਡੀਜੀਪੀ ਪੰਜਾਬ ਦੇ ਦਫਤਰ ਵੱਲੋਂ ਸਾਨੂੰ ਨਹੀਂ ਲਗਦਾ ਕੋਈ ਕਾਰਵਾਈ ਕੀਤੀ ਗਈ ਹੋਵੇਗੀ। ਉਸ ਨੇ ਕਿਹਾ ਕਿ ਆਈਆਰਬੀ ਦਾ ਇਕ ਮੁਲਾਜਮ ਡਿਊਟੀ ਤੋਂ ਲਾਪਤਾ ਹੋਇਆ ਅਤੇ ਵਿਭਾਗ ਨੇ ਉਸ ਨੂੰ ਡਿਸਮਿਸ ਕਰਨ ਤੋਂ ਸਿਵਾਏ ਉਸ ਨੂੰ ਲੱਭਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਮੰਗ ਕੀਤੀ ਕਿ ਉਸ ਦੇ ਪਿਤਾ ਦੇ ਲਾਪਤਾ ਹੋਣ ਬਾਰੇ ਕਿਸੇ ਉੱਚ ਇਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਗੱਲਬਾਤ ਕਰਦਿਆਂ ਲਾਪਤਾ ਸਿਪਾਹੀ ਦੀ ਪਤਨੀ ਸੁਖਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਡਿਊਟੀ ਤੋਂ ਘਰ ਆਇਆ ਸੀ ਅਤੇ ਜਦ ਵਾਪਸ ਡਿਊਟੀ ਤੇ ਗਿਆ ਤਾਂ ਲਾਪਤਾ ਹੋ ਗਿਆ ਅਤੇ ਉਸ ਤੋਂ ਬਾਅਦ ਅੱਜ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਉਹਨਾਂ ਦੱਸਿਆ ਕਿ ਜਦੋਂ ਕਦੀ ਦਿਹਾੜੀ ਮਜਦੂਰੀ ਕਰ ਕੇ ਉਹ ਕੁਝ ਪੈਸੇ ਇਕੱਠੇ ਕਰ ਲੈਂਦੇ ਸਨ ਤਾਂ ਆਈਆਰਬੀ ਦੇ ਦਫਤਰ ਜਾਦੇ ਸਨ ਪਰ ਉਥੇ ਕਦੀ ਵੀ ਉਹਨਾਂ ਨੂੰ ਕਿਸੇ ਅਫਸਰ ਨੂੰ ਮਿਲਣ ਨਹੀਂ ਦਿੱਤਾ ਗਿਆ, ਹਮੇਸ਼ਾ ਉਹਨਾਂ ਨੂੰ ਉਥੋਂ ਮੋੜ ਦਿੱਤਾ ਜਾਂਦਾ ਰਿਹਾ ਅਤੇ ਇਕ ਵਾਰ ਜਦ ਅਫਸਰ ਮਿਲੇ ਤਾਂ ਉਹਨਾਂ ਉਸ ਦੇ ਸਹੌਰੇ ਨੂੰ ਕਿਹਾ ਕਿ ਲੜਕੀ ਦੀ ਕੋਈ ਬਹੁਤੀ ਉਮਰ ਨਹੀਂ, ਤੁਸੀਂ ਇਸ ਦਾ ਵਿਆਹ ਕਿਤੇ ਹੋਰ ਕਰ ਦਿਉ। ਇਹ ਵੀ ਪੜ੍ਹੋ: ਸਾਧੂ ਸਿੰਘ ਧਰਮਸੋਤ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ, ਧਰਮਸੋਤ ਦਾ ਮਾਨ ਸਰਕਾਰ 'ਤੇ ਵੱਡਾ ਇਲਜ਼ਾਮ ਪੀੜਤ ਸੁਖਜੀਤ ਕੌਰ ਨੇ ਕਿਹਾ ਕਿ ਉਹ ਚਹਾਉਂਦੇ ਹਨ ਕਿ ਉਸ ਦੇ ਪਤੀ ਦੇ ਲਾਪਤਾ ਹੋਣ ਦੀ ਜਾਂਚ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕੇ ਉਸ ਨਾਲ ਆਖਰ ਕੀ ਬੀਤੀ। ਉਹਨਾਂ ਨਾਲ ਹੀ ਕਿਹਾ ਕਿ ਉਸ ਦੇ ਪਰਿਵਾਰ ਨੂੰ ਸਰਕਾਰ ਤਰਸ ਦੇ ਅਧਾਰ ਤੇ ਨੌਕਰੀ ਦੇਵੇ ਅਤੇ ਉਹਨਾਂ ਨੂੰ ਇਨਸਾਫ ਦੁਆਵੇ। -PTC News

Related Post