ਸਿੱਪੀ ਸਿੱਧੂ ਕਤਲ ਕੇਸ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਕਲਿਆਣੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ
Sippy Sidhu Murder Case: ਸਿੱਪੀ ਸਿੱਧੂ ਕਤਲ ਕੇਸ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਮੁੜ ਤੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਹੁਣ ਮਾਮਲੇ ਦੀ ਸੁਣਵਾਈ 19 ਜੁਲਾਈ ਨੂੰ ਹੋਵੇਗੀ। ਉਸ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਦੱਸ ਦੇਈਏ ਕਿ ਉਸ ਨੂੰ ਬੀਤੀ 15 ਜੂਨ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਦਾ 4 ਦਿਨ ਅਤੇ ਫਿਰ 2 ਦਿਨ ਦਾ ਰਿਮਾਂਡ ਲਿਆ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਬੁੜੈਲ ਜੇਲ੍ਹ ਭੇਜ ਦਿੱਤਾ ਸੀ। ਜ਼ਮਾਨਤ ਨਾ ਮਿਲਣ ਦੀ ਸੂਰਤ ਵਿੱਚ ਇਹ ਨਿਆਇਕ ਹਿਰਾਸਤ ਜਾਰੀ ਰਹਿੰਦੀ ਹੈ।
ਇਹ ਵੀ ਪੜ੍ਹੋ:
ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਜਸ਼ਨ ਮਨਾਉਂਦੇ ਕਾਤਲ, ਵੇਖੋ ਵਾਇਰਲ ਵੀਡੀਓ
ਗੌਰਤਲਬ ਹੈ ਕਿ 20 ਸਤੰਬਰ 2015 ਨੂੰ ਸਿੱਪੀ ਸਿੱਧੂ ਦਾ ਚੰਡੀਗੜ੍ਹ ਦੇ ਸੈਕਟਰ 27 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਵਿੱਚ .12 ਬੋਰ ਦੀ ਬੰਦੂਕ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਵਿੱਚੋਂ ਚਾਰ ਗੋਲ਼ੀਆਂ ਚਲਾਈਆਂ ਗਈਆਂ ਸਨ। ਜਾਣਕਾਰੀ ਅਨੁਸਾਰ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਕਲਿਆਣੀ ਸਿੰਘ ਦਾ ਮ੍ਰਿਤਕ ਸਿੱਪੀ ਸਿੱਧੂ ਨਾਲ ਨਜ਼ਦੀਕੀ ਸਬੰਧ ਸੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਮ੍ਰਿਤਕ ਸਿੱਪੀ ਸਿੱਧੂ ਦੇ ਮਾਤਾ-ਪਿਤਾ ਨੇ ਉਸ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।
ਦੂਜੇ ਪਾਸੇ ਸਿੱਪੀ ਸਿੱਧੂ ਨੇ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਲੀਕ ਕਰ ਦਿੱਤੀਆਂ ਸਨ। ਸਿੱਪੀ ਸਿੱਧੂ ਦੀ ਇਸ ਹਰਕਤ ਨਾਲ ਕਲਿਆਣੀ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਲਿਆਣੀ ਸਿੰਘ ਨੇ 18.09.2015 ਨੂੰ ਮ੍ਰਿਤਕ ਸਿੱਪੀ ਸਿੱਧੂ ਨਾਲ ਹੋਰ ਵਿਅਕਤੀਆਂ ਦੇ ਮੋਬਾਈਲ ਫੋਨਾਂ ਰਾਹੀਂ ਸੰਪਰਕ ਕੀਤਾ ਅਤੇ ਉਸਨੂੰ ਸੈਕਟਰ-27 ਚੰਡੀਗੜ੍ਹ ਦੇ ਪਾਰਕ ਵਿੱਚ ਮਿਲਣ ਲਈ ਬੁਲਾਇਆ। ਇਸ ਤੋਂ ਬਾਅਦ ਸਿੱਪੀ ਸਿੱਧੂ 18 ਤੋਂ 20 ਸਤੰਬਰ 2015 ਤੱਕ ਉਸ ਨੂੰ ਮਿਲਿਆ। CBI ਨੇ 13 ਅਪ੍ਰੈਲ, 2016 ਨੂੰ ਕਲਿਆਣੀ ਸਿੰਘ ਅਤੇ ਹੋਰਨਾਂ ਲੋਕਾਂ ਖਿਲਾਫ ਕਤਲ, ਅਪਰਾਧਿਕ ਸਾਜ਼ਿਸ਼ ਰਚਣ , ਸਬੂਤ ਮਿਟਾਉਣ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ। 7 ਸਾਲਾਂ ਬਾਅਦ ਇਸ ਮਾਮਲੇ 'ਚ ਕਲਿਆਣੀ ਦੀ ਗ੍ਰਿਫ਼ਤਾਰੀ ਹੋਈ ਸੀ।
-PTC News