ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤਣ ਵਾਲਿਆਂ ਨੂੰ ਮਿਲਣਗੇ ਕ੍ਰਮਵਾਰ 50 ਤੇ 40 ਲੱਖ ਰੁਪਏ

By  Jasmeet Singh August 9th 2022 07:46 PM

ਚੰਡੀਗੜ੍ਹ, 9 ਅਗਸਤ: ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਖੇਡਾਂ ਵਿੱਚ ਗੁਆਚੀ ਸ਼ਾਨ ਬਹਾਲ ਕਰਨ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਪੰਜਾਬ ਖੇਡ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿੱਚ ਕਰਨਗੇ। ਖੇਡ ਮੇਲੇ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ ਰਾਸ਼ਟਰੀ ਖੇਡ ਦਿਵਸ ਮੌਕੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਹੋਵੇਗੀ। ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਮੌਜੂਦ ਸਨ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਭਾਰਤੀ ਖੇਡ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ 18 ਤਗਮਾ ਜੇਤੂ ਖਿਡਾਰੀਆਂ ਲਈ ਨਕਦ ਇਨਾਮਾਂ ਦਾ ਵੀ ਐਲਾਨ ਕੀਤਾ ਗਿਆ ਹੈ। ਪੰਜਾਬ ਦੇ 18 ਖਿਡਾਰੀਆਂ ਨੇ 3 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ। ਚਾਂਦੀ ਤਗਮਾ ਜੇਤੂਆਂ ਨੂੰ 50 ਲੱਖ ਰੁਪਏ ਅਤੇ ਕਾਂਸੀ ਤਗਮਾ ਜੇਤੂਆਂ ਨੂੰ 40 ਲੱਖ ਰੁਪਏ ਦਿੱਤੇ ਜਾਣਗੇ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ 11 ਖਿਡਾਰੀਆਂ ਵਿੱਚ ਕੈਪਟਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਕ੍ਰਿਸ਼ਨ ਪਾਠਕ, ਜਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ। ਚਾਂਦੀ ਦਾ ਤਗਮਾ ਜਿੱਤਣ ਵਾਲੀ ਮਹਿਲਾ ਕ੍ਰਿਕਟ ਟੀਮ ਵਿੱਚ ਪੰਜਾਬ ਤੋਂ ਹੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਤਾਨੀਆ ਭਾਟੀਆ ਸ਼ਾਮਲ ਸਨ। ਗੁਰਜੀਤ ਕੌਰ ਨੇ ਮਹਿਲਾ ਹਾਕੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਵੇਟਲਿਫਟਿੰਗ ਵਿੱਚ ਪੰਜਾਬ ਦੇ ਵਿਕਾਸ ਠਾਕੁਰ ਨੇ ਚਾਂਦੀ ਦਾ ਅਤੇ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਇਸ ਖੇਡ ਮਹਾਕੁੰਭ ਵਿੱਚ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਰਾਜ ਪੱਧਰ ਤੱਕ ਗਰੇਡੇਸ਼ਨ ਸੂਚੀ ਨਾਲ ਮਾਨਤਾ ਪ੍ਰਾਪਤ ਖੇਡਾਂ ਸ਼ਾਮਲ ਹਨ ਜਿਸ ਵਿੱਚ 4 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਹ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ। ਇਸ ਸਬੰਧੀ ਭਾਗ ਲੈਣ ਦੇ ਚਾਹਵਾਨ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜੋ ਕਿ 11 ਅਗਸਤ ਤੋਂ 25 ਅਗਸਤ ਤੱਕ ਚੱਲਣਗੀਆਂ। ਖੇਡ ਮੇਲੇ ਵਿੱਚ ਪੈਰਾ ਸਪੋਰਟਸ ਦੇ ਨਾਲ ਖਿਡਾਰੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਰਾਜ ਪੱਧਰੀ ਸੋਨ, ਚਾਂਦੀ ਅਤੇ ਕਾਂਸੀ ਤਗਮਾ ਜੇਤੂਆਂ ਨੂੰ 10 ਹਜ਼ਾਰ ਰੁਪਏ, 7 ਹਜ਼ਾਰ ਰੁਪਏ ਅਤੇ 5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਸਾਰੇ ਜੇਤੂ ਖਿਡਾਰੀ ਰਾਜ ਦੀ ਗ੍ਰੇਡੇਸ਼ਨ ਨੀਤੀ ਦੇ ਅਧੀਨ ਹੋਣਗੇ। ਖੇਡ ਮੇਲੇ ਦੌਰਾਨ ਜੇਤੂ ਖਿਡਾਰੀਆਂ ਤੋਂ ਇਲਾਵਾ ਹੋਰ ਖਿਡਾਰੀਆਂ ਦੇ ਵੀ ਡੋਪ ਟੈਸਟ ਕੀਤੇ ਜਾਣਗੇ। ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖਿਡਾਰੀਆਂ ਵਿੱਚ ਹੁਨਰ ਤੇ ਕਾਬਲੀਅਤ ਦੀ ਕੋਈ ਕਮੀ ਨਹੀਂ ਹੈ ਸਿਰਫ਼ ਇਸ ਨੂੰ ਪਛਾਣ ਕੇ ਸੁਧਾਰਨ ਦੀ ਲੋੜ ਹੈ। ਇਸ ਖੇਡ ਮੇਲੇ ਵਿੱਚ ਪੰਜਾਬ ਦਾ ਹਰ ਪਿੰਡ ਅਤੇ ਸ਼ਹਿਰ ਕਵਰ ਕੀਤਾ ਜਾਵੇਗਾ। -PTC News

Related Post