ਹਵਾਈ ਅੱਡਿਆਂ 'ਤੇ ਸਿੱਖਾਂ ਨੂੰ ਸ੍ਰੀ ਸਾਹਿਬ ਪਾਉਣ ਦੀ ਮਿਲੀ ਇਜਾਜ਼ਤ

By  Pardeep Singh March 14th 2022 01:55 PM

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਸਮੇਤ ਡਿਊਟੀ ਕਰਨ ਤੋਂ ਰੋਕਣ ਵਾਲਾ ਆਦੇਸ਼ ਵਾਪਸ ਲੈ ਲਿਆ ਗਿਆ ਹੈ। ਭਾਰਤ ਦੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਦੇਸ਼ ਭਰ ਵਿਚ ਹਵਾਈ ਅੱਡਿਆਂ ’ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾ ਕੇ ਡਿਊਟੀ ਕਰਨ ਤੋਂ ਵਰਜਿਆ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਾਗਰਿਕ ਹਵਾਬਾਜ਼ੀ ਮੰਤਰੀ  ਸਿੰਧੀਆ ਨੂੰ 9 ਮਾਰਚ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਸੀ ਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਸਿੱਧਾ ਹਮਲਾ ਹੈ, ਲਿਹਾਜ਼ਾ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲਿਆ ਜਾਵੇ। ਭਾਰਤ ਸਰਕਾਰ ਵੱਲੋਂ ਜਾਰੀ ਸੋਧ ਆਦੇਸ਼ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਭਾਵੇਂ ਸਰਕੂਲਰ ਵਿਚ ਸੋਧ ਕਰਨਾ ਚੰਗੀ ਗੱਲ ਹੈ ਪਰ ਅਜਿਹਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਿੱਖ ਭਾਰਤ ਲਈ ਹਮੇਸ਼ਾ ਲੜ੍ਹਦੇ ਤੇ ਸ਼ਹੀਦੀਆਂ ਦਿੰਦੇ ਰਹੇ ਹਨ ਅਤੇ ਸਰਕਾਰਾਂ ਨੂੰ ਵੀ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦਾ ਸੱਭਿਆਚਾਰ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਹੀ ਸੰਜੀਵ ਹੈ। ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਅੱਗੇ ਤੋਂ ਇਹ ਖ਼ਿਆਲ ਰੱਖਿਆ ਜਾਵੇ ਕਿ ਸਿੱਖਾਂ ਸਮੇਤ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਨਾ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਦੇਸ਼ ਅੰਦਰ ਵਸਦਾ ਹਰ ਨਾਗਰਿਕ ਧਾਰਮਿਕ ਅਜ਼ਾਦੀ ਦਾ ਅਧਿਕਾਰ ਰੱਖਦਾ ਹੈ। ਇਹ ਵੀ ਪੜ੍ਹੋ:ਭਗਵੰਤ ਸਿੰਘ ਮਾਨ ਵੱਲੋਂ ਖਟਕੜ ਕਲਾ ਨੂੰ ਬਸੰਤੀ ਰੰਗ 'ਚ ਰੰਗਣ ਦੀ ਅਪੀਲ  -PTC News

Related Post