250 ਸਾਲ ਪੁਰਾਣੇ ਰਾਮਗੜ੍ਹੀਆ ਬੁੰਗਾ ਦੇ ਬਹਾਲੀ ਦਾ ਕੰਮ ਮੁਕੰਮਲ, ਜਾਣੋ ਸੁਨਹਿਰੀ ਇਤਿਹਾਸ
ਸਿੱਖ ਮਿਸਲਾਂ ਦੇ ਸਮੇਂ ਦੌਰਾਨ ਉੱਘੇ ਸਿੱਖ ਯੋਧੇ ਤੇ ਆਗੂ ਅਤੇ ਰਾਮਗੜ੍ਹੀਆ ਮਿਸਲ ਦੇ ਮੋਢੀ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਦੀ ਪੂਰਵ ਸੰਧਿਆ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸਕ ਰਾਮਗੜ੍ਹੀਆ ਬੁੰਗੇ ਨੂੰ ਮੁੜ ਤੋਂ ਸੰਗਤਾਂ ਦੇ ਦਰਸ਼ਨ ਦੀਦਾਰੇ ਲਈ ਖੋਲ੍ਹ ਦਿੱਤਾ ਹੈ।
Ramgharia Bunga: ਸਿੱਖ ਮਿਸਲਾਂ ਦੇ ਸਮੇਂ ਦੌਰਾਨ ਉੱਘੇ ਸਿੱਖ ਯੋਧੇ ਤੇ ਆਗੂ ਅਤੇ ਰਾਮਗੜ੍ਹੀਆ ਮਿਸਲ ਦੇ ਮੋਢੀ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਦੀ ਪੂਰਵ ਸੰਧਿਆ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸਕ ਰਾਮਗੜ੍ਹੀਆ ਬੁੰਗੇ ਨੂੰ ਮੁੜ ਤੋਂ ਸੰਗਤਾਂ ਦੇ ਦਰਸ਼ਨ ਦੀਦਾਰੇ ਲਈ ਖੋਲ੍ਹ ਦਿੱਤਾ ਹੈ। ਇਸਦੇ ਨਵੀਨੀਕਰਨ 'ਤੇ ਲਗਭਗ ਕਰੋੜਾਂ ਰੁਪਿਆ ਲਾਇਆ ਜਾ ਚੁੱਕਿਆ ਜਿਸਨੂੰ ਅੰਗਰੇਜ਼ਾਂ, ਭੁਚਾਲਾਂ, 1984 'ਚ ਭਾਰਤੀ ਫੌਜ ਅਤੇ ਹੋਰ ਅਨੇਕਾਂ ਮਾਰਾਂ ਖਾਣੀਆਂ ਪਈਆਂ ਹਨ। ਸੋ ਆਓ ਜਾਣਦੇ ਹਾਂ ਰਾਮਗੜ੍ਹੀਆ ਬੁੰਗੇ ਦੇ ਇਤਿਹਾਸ, ਆਰਕੀਟੈਕਚਰ ਅਤੇ ਨਵੀਨੀਕਰਨ ਬਾਰੇ।
ਇਤਿਹਾਸ
ਮੁਸਲਿਮ ਮੁਗਲ ਬਾਦਸ਼ਾਹਾਂ ਦੇ ਰਾਜ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਕਈ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ, ਪਰ ਹਰ ਵਾਰ ਇਸਨੂੰ ਸਿੱਖਾਂ ਦੁਆਰਾ ਦੁਬਾਰਾ ਬਣਾਇਆ ਗਿਆ। 12 ਸਿੱਖ ਮਿਸਲਾਂ ਦੇ ਸਰਦਾਰਾਂ ਨੇ ਫੈਸਲਾ ਕੀਤਾ ਕਿ ਆਪਣੇ ਦੁਸ਼ਮਣਾਂ ਤੋਂ ਸੁਰੱਖਿਆ ਲਈ ਕੁਝ ਖਾਲਸਾ ਆਗੂਆਂ ਨੂੰ ਇਸ ਦੇ ਅੰਦਰ ਰੱਖਿਆ ਜਾਣਾ ਚਾਹੀਦਾ ਹੈ। 18ਵੀਂ ਸਦੀ ਦੇ ਦੌਰਾਨ ਸਿੱਖ ਮਿਸਲ ਦੇ ਮੁਖੀਆਂ ਅਤੇ ਅਮੀਰ ਭਾਈਚਾਰਿਆਂ ਨੇ ਮਿਲ ਕੇ ਸ੍ਰੀ ਹਰਮਿੰਦਰ ਸਾਹਿਬ ਦੀ ਰੱਖਿਆ ਕਰਨ ਲਈ ਪਵਿੱਤਰ ਅਸਥਾਨ ਦੇ ਆਲੇ-ਦੁਆਲੇ ਵੱਖ-ਵੱਖ ਆਕਾਰਾਂ ਅਤੇ ਰੂਪਾਂ ਦੇ 22 ਅਜਿਹੇ ਬੁੰਗੇ ਬਣਾਏ ਸਨ। ਅਜਿਹੇ ਬੁੰਗੇ 18ਵੀਂ ਸਦੀ ਵਿੱਚ ਭਾਰਤੀ ਉਪ-ਮਹਾਂਦੀਪ ਵਿੱਚ ਹੋਰ ਥਾਵਾਂ 'ਤੇ ਪ੍ਰਮੁੱਖ ਸਿੱਖ ਗੁਰਧਾਮਾਂ ਦੇ ਨੇੜੇ ਵੀ ਬਣਾਏ ਗਏ ਸਨ। 19 ਵੀਂ ਸਦੀ ਵਿੱਚ ਇਹਨਾਂ ਨੇ ਰੱਖਿਆਤਮਕ ਉਦੇਸ਼ਾਂ ਦੀ ਪੂਰਤੀ ਕੀਤੀ, ਸਿੱਖ ਸ਼ਰਧਾਲੂਆਂ ਲਈ ਰਿਹਾਇਸ਼ ਪ੍ਰਦਾਨ ਕੀਤੀ ਅਤੇ ਕੁਝ ਨੇ ਤਾਂ ਸਿੱਖਿਆ ਦੇ ਕੇਂਦਰਾਂ ਵਜੋਂ ਸੇਵਾ ਵੀ ਕੀਤੀ।
ਬੁੰਗਿਆਂ ਨੂੰ ਕਿਸਨੇ ਢਾਇਆ?
ਜ਼ਿਆਦਾਤਰ ਬੁੰਗੇ ਬ੍ਰਿਟਿਸ਼ ਬਸਤੀਵਾਦੀ ਯੁੱਗ ਦੌਰਾਨ ਉਨ੍ਹਾਂ ਦੀ ਫੌਜੀ ਅਤੇ ਰਾਜਸੀ ਰਣਨੀਤੀ ਤਹਿਤ ਬਾਅਦ ਵਿੱਚ ਢਾਹ ਦਿੱਤੇ ਗਏ। ਰਾਮਗੜ੍ਹੀਆ ਬੁੰਗਾ, ਸ੍ਰੀ ਅਕਾਲ ਤਖ਼ਤ ਦੇ ਨਾਲ-ਨਾਲ ਅੰਮ੍ਰਿਤਸਰ ਵਿੱਚ ਬੁੰਗੇ-ਸਬੰਧਤ ਇਤਿਹਾਸਕ ਬੁਨਿਆਦੀ ਢਾਂਚੇ ਦੀ ਇੱਕੋ ਇੱਕ ਬਚੀ ਹੋਈ ਉਦਾਹਰਣ ਹੈ, ਜੋ ਕਿ ਅਸਲ ਵਿੱਚ ਪਵਿੱਤਰ ਸਰੋਵਰ ਦੇ ਦੂਜੇ ਪਾਸੇ ਅਕਾਲ ਬੁੰਗੇ ਵਜੋਂ ਬਣਾਇਆ ਗਿਆ ਸੀ।
ਇੱਥੇ ਹੀ ਪਿਆ ਮੁਗ਼ਲਾਂ ਦਾ ਤਖ਼ਤ-ਏ-ਤਾਊਸ
ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਨੇ ਦਿੱਲੀ ਤੱਕ ਦਾ ਇਲਾਕਾ ਜਿੱਤ ਲਿਆ ਸੀ, ਜਿੱਥੇ ਉਨ੍ਹਾਂ ਨੇ ਤਖ਼ਤ-ਏ-ਤਾਊਸ ਦਾ ਉਹ ਗ੍ਰੇਨਾਈਟ ਸਲੈਬ ਹਟਵਾ ਦਿੱਤਾ, ਜਿਸ 'ਤੇ ਮੁਗਲ ਤਾਜਪੋਸ਼ੀ ਦੀਆਂ ਰਸਮਾਂ ਹੁੰਦੀਆਂ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤਖ਼ਤ-ਏ-ਤਾਊਸ ਹੀ ਨਾ ਰਿਹਾ ਤੇ ਫਿਰ ਕਿਸੀ ਦੀ ਤਾਜਪੋਸ਼ੀ ਹੋਣੀ ਵੀ ਮੁੰਕਿਨ ਨਹੀਂ ਰਹੇਗੀ। ਇੰਝ ਹੀ ਹੋਇਆ, ਤਖ਼ਤ-ਏ-ਤਾਊਸ ਲੈਜਾਣ ਮਗਰੋਂ ਮੁਗ਼ਲ ਇਨ੍ਹੇ ਸ਼ਰਮਿੰਦਾ ਹੋਏ ਕਿ ਉਸ ਮਗਰੋਂ ਕਿਸੀ ਦੀ ਤਾਜਪੋਸ਼ੀ ਹੀ ਨਾ ਹੋ ਸਕੀ। ਸਿੰਘ ਸਲੈਬ ਨੂੰ ਅੰਮ੍ਰਿਤਸਰ ਲੈ ਆਏ ਤੇ ਪਹਿਲਾਂ ਇਸਤੇ ਸਿੱਖ ਯੋਧੇ ਆਪਣੇ ਪੈਰ ਝਾੜ ਕੇ ਸ੍ਰੀ ਦਰਬਾਰ ਸਾਹਿਬ ਜਾਇਆ ਕਰਦੇ ਸਨ। ਪਰ ਅੰਗਰੇਜ਼ੀ ਹਕੁਮਤ ਵੇਲੇ ਇਸਨੂੰ ਰਾਮਗੜ੍ਹੀਆ ਬੁੰਗੇ ਵਿੱਚ ਰੱਖ ਦਿੱਤਾ ਜਿੱਥੇ ਅੱਜ ਵੀ ਇਹ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਝੁਕੀ ਹੋਈ ਹੈ। ਜੋ ਉਸ ਵੇਲੇ ਤੋਂ ਅੱਜ ਤੱਕ ਇਹ ਸੁਨੇਹਾ ਦਿੰਦੀ ਆ ਰਹੀ ਹੈ ਕਿ ਦਿੱਲੀ ਤਖ਼ਤ ਸਦੀਵੀਂ ਸ੍ਰੀ ਦਰਬਾਰ ਸਾਹਿਬ ਸਾਹਮਣੇ ਝੁਕਦਾ ਆਵੇਗਾ। ਜਿਸ ਤਖ਼ਤ 'ਤੇ ਸ੍ਰੀ ਦਰਬਾਰ ਸਾਹਿਬ ਨੂੰ ਉਜਾੜਨ ਦੀ ਤਰਕੀਬਾਂ ਬਣਾਈਆਂ ਜਾਂਦੀਆਂ ਸਨ ਅੱਜ ਉਹੀ ਤਖ਼ਤ ਸ੍ਰੀ ਦਰਬਾਰ ਸਾਹਿਬ ਨੂੰ ਮੱਥਾ ਟੇਕ ਰਿਹਾ ਹੈ।
ਆਰਕੀਟੈਕਚਰ
ਰਾਮਗੜ੍ਹੀਆਂ ਨੇ ਆਪਣੀਆਂ ਫ਼ੌਜਾਂ ਲਈ ਪੁਰਾਣੇ ਕਿਲ੍ਹੇ ਰਾਮ ਰੌਣੀ ਨੂੰ ਦੁਬਾਰਾ ਬਣਾਇਆ ਅਤੇ ਇਸਦਾ ਨਾਮ ਰਾਮਗੜ੍ਹ ਰੱਖਿਆ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਪੂਰਬ ਵੱਲ ਆਪਣੇ ਨਿਵਾਸ ਲਈ ਰਾਮਗੜ੍ਹੀਆ ਬੁੰਗਾ ਵੀ ਬਣਾਇਆ। ਇਸ ਤਰ੍ਹਾਂ ਇਨ੍ਹਾਂ ਸਿੱਖ ਸਰਦਾਰਾਂ ਦੁਆਰਾ ਮੰਦਰ ਦੀ ਚਾਰੇ ਪਾਸਿਓਂ ਸੁਰੱਖਿਆ ਕੀਤੀ ਗਈ। ਇਸ ਬੁੰਗੇ ਦੀ ਬਣਤਰ ਤੋਂ ਪਤਾ ਲੱਗਦਾ ਹੈ ਕਿ ਇਹ ਕਿਸ ਖਾਸ ਮਕਸਦ ਲਈ ਬਣਾਇਆ ਗਿਆ ਸੀ। ਇਸ ਟਾਵਰ 'ਚ ਤਿੰਨ ਮੰਜ਼ਿਲਾ ਹਨ ਅਤੇ ਜ਼ਮੀਨ ਤੋਂ ਲਗਭਗ 156 ਫੁੱਟ ਉੱਚੇ ਹਨ। ਉਸਾਰੀ ਵਿੱਚ ਕਿਤੇ ਵੀ ਲੱਕੜ ਦੀ ਵਰਤੋਂ ਨਹੀਂ ਕੀਤੀ ਗਈ। ਬੁੰਗੇ ਦੀ ਉਪਰਲੀ ਮੰਜ਼ਿਲ ਦੀ ਛੱਤ ਨੂੰ ਸਹਾਰਾ ਦੇਣ ਵਾਲੇ ਬਹੁਤ ਸਾਰੇ ਸੰਗਮਰਮਰ ਅਤੇ ਲਾਲ ਪੱਥਰ ਦੇ ਥੰਮ੍ਹ ਹਨ।
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲ ਦੇ ਇਲਾਕੇ ’ਤੇ ਕਬਜ਼ਾ ਕੀਤਾ ਤਾਂ ਬੁੰਗਾ ਵੀ ਉਸ ਕੋਲ ਚਲਾ ਗਿਆ। ਉਸ ਸਮੇਂ ਬੁੰਗਾ ਕਿਸੇ ਨਾ ਕਿਸੇ ਕਾਰਨ ਕਰਕੇ ਸਿਰਫ ਅੱਧਾ ਹੀ ਮੁਕੰਮਲ ਹੋ ਪਾਇਆ ਸੀ ਅਤੇ ਟਾਵਰ ਅਜੇ ਗੁੰਬਦਦਾਰ ਨਹੀਂ ਸਨ, ਸੰਭਵ ਤੌਰ 'ਤੇ ਕਿਉਂਕਿ ਇਹ ਸਰਦਾਰਾਂ ਦਾ ਇਰਾਦਾ ਸੀ ਕਿ ਉਹਨਾਂ ਨੂੰ ਉੱਚਾ ਚੁੱਕਣਾ ਸੀ। 1970 ਤੱਕ ਇਹ ਇਮਾਰਤ ਰਾਮਗੜ੍ਹੀਆ ਦੇ ਵਾਰਿਸ ਦੇ ਕਬਜ਼ੇ ਹੇਠ ਸੀ, ਜਿਸ ਤੋਂ ਬਾਅਦ ਇਸ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਦੀ ਇੱਕ ਸੰਭਾਲ ਫਰਮ ‘ਹੈਰੀਟੇਜ ਕੰਜ਼ਰਵੇਸ਼ਨ ਮੈਨੇਜਮੈਂਟ ਸਰਵਿਸਿਜ਼’ ਵੱਲੋਂ ਵਿਰਾਸਤੀ ਇਮਾਰਤ ਨੂੰ ਬਹਾਲ ਕਰਵਾਇਆ ਗਿਆ ਹੈ।
ਨਵੀਨੀਕਰਨ
ਸਾਲ 1903 ਵਿੱਚ ਭੂਚਾਲ ਕਾਰਨ ਮੀਨਾਰ ਦੇ ਮੂਲ ਗੁੰਬਦਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਫਿਰ ਹਟਾ ਦਿੱਤਾ ਗਿਆ ਸੀ। 1984 ਵਿੱਚ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਤੋਪਖਾਨੇ ਦੀ ਗੋਲੀਬਾਰੀ ਨਾਲ ਮੀਨਾਰਾਂ ਨੂੰ ਫਿਰ ਭਾਰੀ ਨੁਕਸਾਨ ਪਹੁੰਚਿਆ ਸੀ, ਪਰ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਮਗੜ੍ਹੀਆ ਸੁਸਾਇਟੀ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੁਆਰਾ ਮੁਰੰਮਤ ਕੀਤੀ ਗਈ ਸੀ। ਬੁੰਗੇ ਦੀ ਬੇਸਮੈਂਟ ਨੂੰ ਸਿੱਖ ਅਜਾਇਬ ਘਰ ਵਿੱਚ ਤਬਦੀਲ ਕਰਨ ਦੀ ਵੀ ਯੋਜਨਾ ਹੈ। ਜਿੱਥੇ ਜੱਸਾ ਸਿੰਘ ਆਪਣਾ ਦਰਬਾਰ ਸਜਾਉਂਦੇ ਸਨ। ਸ਼੍ਰੋਮਣੀ ਕਮੇਟ ਨੇ ਫਿਲਹਾਲ ਇਸ ਦੀ ਮੁਰੰਮਤ ਦੇ ਕੰਮ ਲਈ 2 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੋਇਆ ਹੈ। ਬੰਗੇ ਵਿੱਚ 18ਵੀਂ ਸਦੀ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਦਰਸਾਉਂਦਾ ਅਜਾਇਬ ਘਰ ਦੀ ਸਾਂਭ ਸੰਭਾਲ ਦੇ ਅਗਲੇ ਪੜਾਅ ਵਿੱਚ ਸਥਾਪਿਤ ਕੀਤਾ ਜਾਵੇਗਾ।
ਰਾਮਗੜ੍ਹੀਆ ਮਿਸਲ
ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਇੱਕ ਬਹਾਦਰ ਸਿੱਖ ਆਗੂ ਸਨ। ਉਨ੍ਹਾਂ ਨੇ 1748 ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਲਗਭਗ ਇੱਕ ਮੀਲ ਦੀ ਦੂਰੀ 'ਤੇ ਇੱਕ ਮਿੱਟੀ ਦੇ ਕਿਲ੍ਹੇ ਰਾਮ ਰੌਣੀ ਨੂੰ ਦੁਬਾਰਾ ਬਣਵਾਇਆ ਸੀ ਤਾਂ ਜੋ ਉਸਨੂੰ ਸੈਨਿਕਾਂ ਨੂੰ ਰੱਖਣ ਲਈ ਵਰਤਿਆ ਜਾ ਸਕੇ। ਇਸ ਸਥਾਨ ਦਾ ਨਾਮ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਸੀ। ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਇਸਦੀ ਕਿਲਾਬੰਦੀ ਕਰਕੇ ਇਸ ਸਥਾਨ ਨੂੰ ਬਾਅਦ ਵਿੱਚ ਕਿਲਾ ਰਾਮਗੜ੍ਹ ਵਜੋਂ ਜਾਣਿਆ ਗਿਆ।
ਰਾਮਗੜ੍ਹੀਆ ਮਿਸਲ ਦਾ ਨਾਮ ਇਸ ਸਥਾਨ ਤੋਂ ਲਿਆ ਗਿਆ ਹੈ ਜਿਸਦਾ ਸ਼ਾਬਦਿਕ ਅਰਥ ਹੈ ਰੱਬ ਦੇ ਕਿਲ੍ਹੇ ਦੇ ਰਖਵਾਲੇ। ਰਾਮਗੜ੍ਹੀਆ ਬੁੰਗਾ ਰਾਮਗੜ੍ਹੀਆ ਸਿੱਖ ਭਾਈਚਾਰੇ ਦੀ ਪਛਾਣ, ਜੋ ਉਨ੍ਹਾਂ ਦੀਆਂ ਇਤਿਹਾਸਕ ਕੁਰਬਾਨੀਆਂ ਅਤੇ ਸਦੀਆਂ ਤੋਂ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਪਾਏ ਯੋਗਦਾਨ ਦਾ ਪ੍ਰਤੀਕ ਬਣਿਆ ਹੋਇਆ ਹੈ।