ਪਾਕਿਸਤਾਨ ਵਿੱਚ ਸਿੱਖ ਨੌਜਵਾਨ ਨੂੰ ਮਿਲਿਆ ਸਨਮਾਨ, ਅਕਾਸ਼ ਸਿੰਘ ਬਣਿਆ ਕਸਟਮ ਅਧਿਕਾਰੀ
ਚੰਡੀਗੜ੍ਹ: ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਤੋਂ ਗ਼ਰੀਬ ਘਰ ਵਿਚੋਂ ਉੱਠ ਕੇ ਉੱਚ ਪੱਧਰੀ ਪੜ੍ਹਾਈ ਲਿਖਾਈ ਕਰਦਿਆਂ ਨੌਜਵਾਨ ਅਕਾਸ਼ ਸਿੰਘ ਨੇ ਪਾਕਿਸਤਾਨ ਕਸਟਮ ਵਿੱਚ ਉੱਚ ਅਧਿਕਾਰੀ ਨਿਯੁਕਤ ਹੋ ਕੇ ਦੁਨੀਆਂ ਭਰ ਵਿੱਚ ਸਿੱਖਾਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।ਪਾਕਿਸਤਾਨ ਕਸਟਮ ਦੇ ਵਿੱਚ ਨਿਯੁਕਤ ਹੋਏ ਪਹਿਲੇ ਉੱਚ ਅਫ਼ਸਰ ਆਕਾਸ਼ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਸਿੱਖ ਗੁਰੂ ਸਾਹਿਬਾਨਾਂ ਦੇ ਸ਼ੁਕਰ ਗੁਜ਼ਾਰ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਸਿਰ ਉੱਤੇ ਹੱਥ ਰੱਖਿਆ ਅਤੇ ਪਾਕਿ ਕਸਟਮ ਵਿੱਚ ਸੇਵਾ ਕਰਨ ਦਾ ਮੌਕਾ ਦਿਵਾਇਆ ਹੈ। ਅਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 28 ਸਾਲ ਹੈ ਅਤੇ ਉਨ੍ਹਾਂ ਦੇ ਪਿਤਾ ਦਾ ਨਾਮ ਗੋਬਿੰਦ ਸਿੰਘ ਅਤੇ ਮਾਤਾ ਮੀਰੀ ਕੌਰ ਹੈ। ਉਨ੍ਹਾਂ ਦੱਸਿਆ ਕਿ ਐਲਐਲਬੀ, ਐਮ ਏ ਸਾਇੰਸ ਲਾਹੌਰ ਪਾਕਿਸਤਾਨ ਵਿਖੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਹਾਈ ਕੋਰਟ ਕਰਾਚੀ ਸੂਬਾ ਸਿੰਧ ਵਿਖੇ ਵਕੀਲ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਜਨਵਰੀ 2019 ਵਿੱਚ ਪਾਕਿਸਤਾਨ ਸਰਕਾਰ ਵੱਲੋਂ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਵਿੱਚ 258 ਪੋਸਟਾਂ ਕਸਟਮ ਵਿਭਾਗ ਦੇ ਅਫ਼ਸਰਾਂ ਵਜੋਂ ਕੱਢੀਆਂ ਗਈਆਂ ਸਨ। ਪੋਸਟ ਵਿਚ ਅਪਲਾਈ ਕਰਨ ਤੋਂ ਬਾਅਦ ਇੰਟਰਵਿਊ ਦੇ ਪਹਿਲੇ ਸਥਾਨ ਉਤੇ ਰਹੇ ਤੇ ਉਨ੍ਹਾਂ ਨੂੰ ਪਾਕਿਸਤਾਨ ਕਸਟਮ ਵਿਚ ਪਹਿਲੇ ਸਿੱਖ ਅਫਸਰ ਵਜੋਂ ਨਿਯੁਕਤੀ ਪੱਤਰ ਹਾਸਿਲ ਹੋਇਆ । ਉਨ੍ਹਾਂ ਦੱਸਿਆ ਕਿ ਪਾਕਿਤਸਨ ਕਸਟਮ ਦੇ ਕਰਾਚੀ ਪੋਰਟ ਜਾਂ ਪਾਕਿਸਤਾਨ ਦੇ ਵਾਹਗਾ ਸਰਹੱਦ ਉਤੇ ਭਾਰਤ ਨਾਲ ਸਾਂਝੇ ਰਸਤੇ ਤੇ ਉਹ ਆਪਣੀ ਡਿਊਟੀ ਕਰਨ ਦੀ ਸ਼ੁਰੂਆਤ ਦੀ ਇੱਛਾ ਰੱਖਦੇ ਹਨ। ਉਨ੍ਹਾਂ ਬੜੇ ਫ਼ਖ਼ਰ ਨਾਲ ਦੱਸਿਆ ਕਿ ਘਰ ਵਿਚ ਗ਼ਰੀਬੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਮਾਤਾ ਪਿਤਾ ਨੇ ਔਖੇ ਹੋ ਕੇ ਪੜ੍ਹਾਈ ਕਰਵਾਈ ਅਤੇ ਅੱਜ ਇਸ ਮੁਕਾਮ ਉ੍ਤੇ ਪਹੁੰਚਾਇਆ ।ਆਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਇਕ ਹੋਰ ਵੱਡੀ ਫਖ਼ਰ ਵਾਲੀ ਗੱਲ ਹੈ ਕਿ ਉਨ੍ਹਾਂ ਪਹਿਲੇ ਸਿੱਖ ਵਜੋ ਸਿਵਲ ਸਰਵਸਿਜ਼ ਪਾਕਿਸਤਾਨ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ।