ਸਿੱਖ ਇਤਿਹਾਸ: ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਸਿੱਖ ਇਤਿਹਾਸ: ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿਿਚ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਚਵਰ ਤਖ਼ਤ ਦੇ ਮਾਲਿਕ ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੀ ਕਲਿਆਣ ਤੇ ਮਨੁੱਖ ਦੀ ਚਿੰਤਾ ਤੇ ਦੁੱਖ ਦੂਰ ਕਰਨ ਵਾਲੇ ਪਾਵਨ ਗ੍ਰੰਥ ਹੈ।ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿੱਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੇ ਤੇ ਕਲਿਆਣਕਾਰੀ ਉਪਦੇਸ਼ਾ ਤੋਂ ਸਰਬਤ ਦੇ ਭਲੇ ਦਾ ਪੇਗਾਮ ਸਮੁੱਚੀ ਮਾਨਵਤਾ ਨੂੰ ਨਸੀਬ ਹੁੰਦਾ ਹੈ। ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਹੋਰ ਵੀ ਪਾਵਨ ਗ੍ਰੰਥ ਮਿਲਦੇ ਹਨ ਸਭ ਮੁਬਾਰਕ ਨੇ ਸਮੂਹ ਧਰਮਾਂ ਦੇ ਇਤਿਹਾਸਾਂ ਵਿੱਚੋਂ ਸ੍ਰੀ ਗੂਰੂ ਗ੍ਰੰਥ ਸਾਹਿਬ ਇੱਕ ਅਜਿਹਾ ਪਾਵਨ ਗ੍ਰੰਥ ਹੈ ਜਿਸ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁੱਖਆਸਨ ਬੜੇ ਅਦਬ ਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ ਤੇ ਲੱਖਾਂ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ। ਗੁਰੂ ਗੁਰੂ ਜਪਿ ਮੀਤ ਹਮਾਰੇ॥ ਮੁਖ ਊਜਲ ਹੋਵਹਿ ਦਰਬਾਰੇ॥1॥ਰਹਾਉ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਜਗਮਗ ਕਰਦਾ ਸੂਰਜ ਹੈ। ਜਿਸ ਨਾਲ ਮਨ ਦੇ ਹਨੇਰੇ ਦੂਰ ਹੋ ਜਾਂਦੇ ਹਨ।ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਅਰੰਭ ਨਿਰੰਕਾਰ ਦੁਆਰਾ ਗੁਰੂ ਨਾਨਕ ਸਾਹਿਬ ਤੇ ਦੂਜੇ ਗੁਰੂ ਸਾਹਿਬਾਨਾਂ ਦੀ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ।ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵਲੋਂ ਭਗਤਾਂ ਭੱਟਾਂ ਅਤੇ ਹੋਰ ਬਾਣੀ ਕਾਰ੍ਰ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ ਇਸ ਗ੍ਰੰਥ ਦੇ ਵਿੱਚ ਦਰਜ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਚਨਾਂ ਨੂੰ ਪੋਥੀ ਰੂਪ ‘ਚ ਲਿਖਿਆ। ਜਿਸ ਵਕਤ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਵਰਾਜਮਾਨ ਸਨ, ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਇਸ ਪੋਥੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ।ਆਤਮ ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦਾ ਪਰਵਾਹ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੱਕ ਨਿਰੰਤਰ ਚਲਦਾ ਰਿਹਾ। ਸਾਂਤੀ ਦੇ ਪੁੰਜ ਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦਾ ਦੁੱਖ ਹਰਣ ਦੇ ਲਈ ਭਗਤਾਂ ਭੱਟਾਂ ਤੇ ਗੁਰੂ ਘਰ ਵਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ‘ਚ ਆਦਿ ਗ੍ਰੰਥ ਦਾ ਤਿਆਰ ਕਰਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਗੁਰੂ ਸਾਹਿਬਾਨਾਂ ਦੀ ਬਾਣੀ ਹੀ ਨਹੀਂ ਦਰਜ ਸਗੋਂ ਜਾਤ ਪਾਤ ਦਾ ਵਿਤਕਰਾ ਖਤਮ ਕਰਦਿਆਂ 16 ਸਦੀ ਦੇ ਸੰਗੀਤ ਰਾਹੀਂ ਗੁਰੂ ਦੀ ਉਸਤਤ ਗਾਉਣ ਵਾਲੇ 11 ਭੱਟਾਂ ਦੀ ਬਾਣੀ ਨੂੰ ਵੀ ਸਵੀਏ ਦੇ ਰੂਪ ‘ਚ ਦਰਜ ਕਰਵਾਇਆ ਗਿਆ। 1430 ਅੰਗ ਵਲੇ ਇਸ ਮਹਾਨ ਗ੍ਰੰਥ ‘ਚ ਅੰਕ 1 ਤੋਂ ਲੈ ਕੇ 7 ਤੱਕ ਸ੍ਰੀ ਜਪੁਜੀ ਸਾਹਿਬ ਤੇ ਸੋਹਿਲਾ ਸਾਹਿਬ ਦੀ ਬਾਣੀ ਅੰਕਿਤ ਹੈ। ਅੰਗ 14 ਤੋਂ ਲੈ ਕੇ 1353 ਅੰਗ ਤੱਕ ਰਾਗਾਂ ‘ਚ ਬਾਣੀ ਅੰਕਿਤ ਹੈ। ਅੰਕ 1352 ਤੋਂ 1430 ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਤੇ ਭੱਟ ਸਾਹਿਬਾਨ ਵਲੋਂ ਉਚਾਰੇ ਸਲੋਕ, ਸਵੱਯੇ, ਰਾਗ ਮਾਲਾ ਦਰਜ ਹੈ। ਅੰਕ 8 ਤੋਂ 1351 ਤੱਕ ਦਰਜ ਸੰਪੂਰਨ ਬਾਣੀ ਨੂੰ 31 ਮੁੱਖ ਤੇ 34 ਉੱਪ ਰਾਗਾਂ ਦੀ ਲੜੀ ਦੇ ਵਿੱਚ ਪਰੋਇਆ ਗਿਆ ਹੈ ਜਿਸ ਦੀ ਸ਼ੁਰੂਵਾਤ ਰਾਗਾਂ ਦੇ ਵਿੱਚੋਂ ਉਤਮ ਮੰਨੇ ਜਾਣ ਵਾਲੇ ਸ੍ਰੀ ਰਾਗ ਅਤੇ ਅੰਤ ਜੈਜਾਵੰਤੀ ਰਾਗ ਨਾਲ ਕੀਤਾ ਗਿਆ। ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਦਰਸਾਉਣ ਲਈ ਸ਼ਬਦ “ਮਹਲਾ” ਦੇ ਨਾਲ ਅੰਕ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਮਹਲਾ 1 ਦੇ ਵਿੱਚ ਗੁਰੂ ਨਾਨਕ ਦੇਵ ਜੀ ਤੇ ਮਹਲਾ 2 ਦੇ ਵਿੱਚ ਗੂਰੂ ਅੰਗਦ ਦੇਵ ਜੀ ਦੀ ਬਾਣੀ ਦਰਜ ਹੈ। ਭਾਈ ਗੁਰਦਾਸ ਜੀ ਗੁਰਮਤਿ ਦੇ ਉੱਘੇ ਵਿਦਵਾਨ ਅਤੇ ਮੁਖ ਪ੍ਰਬੰਧਕਾਂ ਦੇ ਵਿਚੋਂ ਇੱਕ ਸਨ ਰਾਮਸਰ ਸਰੋਵਰ ਦੇ ਰਮਣੀਕ ਕੀਨਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਪਾਵਨ ਬੀੜ ਲਿਖਣ ਦੀ ਸੇਵਾ ਨਿਭਾਈ ਬਾਣੀ ਲਿਖਣ ਦਾ ਕਾਰਜ ਮੁਕੰਮਲ ਹੋਣ ਤੋਂ ਬਾਅਦ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਮੁਗਲਾਂ ਨਾਲ ਲੰਬੀ ਜੱਦੋ ਜਹਿਦ ਤੋਂ ਬਾਅਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਆਦਿ ਗ੍ਰੰਥ ਦੀ ਸੰਪੂਰਨਤਾ ਕਰਦੇ ਹੋਏ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ ਤੇ ਬਾਣੀ ਲਿਖਣ ਦੀ ਮਹਾਨ ਸੇਵਾ ਭਾਈ ਮਨੀ ਸਿੰਘ ਨੇ ਨਿਭਾਈ।ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਹਜੂਰ ਸਾਹਿਬ ਨੰਦੇੜ ਵਿਖੇ ਅਕਤੂਬਰ 1708 ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥੇ ਟੇਕ ਕੇ ਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਪ ਦਿੱਤਾ।ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਕਿਹਾ : ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ ਸੋ ਆਪ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਪਹਿਲੇ ਪ੍ਰਕਾਸ਼ ਪੁਰਬ 'ਤੇ ਅਦਾਰਾ ਪੀਟੀਸੀ ਨੈੱਟਵਰਕ ਵੱਲੋਂ ਬਹੁਤ-ਬਹੁਤ ਮੁਬਾਰਕਾਂ -PTC News