ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੀ ‘ਸਿੱਖ ਇਤਿਹਾਸ ਚਿੱਤਰਕਲਾ ਵਰਕਸ਼ਾਪ’ ਸੰਪੰਨ

By  Jasmeet Singh August 24th 2022 06:02 PM -- Updated: August 24th 2022 06:05 PM

ਤਲਵੰਡੀ ਸਾਬੋ, 24 ਅਗਸਤ: ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ੍ਹਾਏ ਜਾਣ ਵਾਲੇ ਸੰਪੂਰਨਤਾ ਦਿਵਸ ਸਮਾਗਮਾਂ ਸਬੰਧੀ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਬੀਤੇ 6 ਦਿਨਾਂ ਤੋਂ ਚੱਲ ਰਹੀ ‘ਸਿੱਖ ਇਤਿਹਾਸ ਚਿੱਤਰਕਲਾ ਵਰਕਸ਼ਾਪ’ ਅੱਜ ਰਸਮੀ ਤੌਰ ਤੇ ਸੰਪੰਨ ਹੋ ਗਈ। ਅੱਜ ਵਰਕਸ਼ਾਪ ਸਮਾਪਤੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਚਿੱਤਰਕਾਰਾਂ ਨੂੰ ਸਨਮਾਨਿਤ ਕੀਤਾ। ਵਰਕਸ਼ਾਪ ਸਮਾਪਤੀ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਚੰਡੀਗੜ ਆਦਿ ਤੋਂ ਪਹੁੰਚੇ ਨਾਮੀ ਚਿੱਤਰਕਾਰਾਂ ਨੇ ਇਨ੍ਹਾਂ ਛੇ ਦਿਨਾਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਦੇਣ ਸਮੇਂ ਦੇ ਦ੍ਰਿਸ਼ਾਂ ਨੂੰ ਆਪਣੇ ਚਿੱਤਰਾਂ ਰਾਹੀਂ ਰੂਪਮਾਨ ਕੀਤਾ ਹੈ। ਉਨਾਂ ਦੱਸਿਆ ਕਿ ਉਕਤ ਚਿੱਤਰਾਂ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 28 ਤੋਂ 20 ਅਗਸਤ ਤੱਕ ਮਨ੍ਹਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 316ਵੇਂ ਸੰਪੂਰਨਤਾ ਦਿਵਸ ਸਮਾਗਮਾਂ ਮੌਕੇ ਸੰਗਤਾਂ ਦੇ ਦੇਖਣ ਲਈ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਉਕਤ ਚਿੱਤਰ ਬੱਚਿਆਂ ਨੂੰ ਤਖਤ ਸਾਹਿਬ ਦਾ ਇਤਿਹਾਸ ਸੌਖਾਲੇ ਰੂਪ ਵਿੱਚ ਸਮਝਾਉਣ ਵਿੱਚ ਸਹਾਈ ਸਾਬਿਤ ਹੋਣਗੇ। ਉੱਧਰ ਵਰਕਸ਼ਾਪ ਸੰਪੰਨ ਹੋਣ ਮੌਕੇ ਸਿੰਘ ਸਾਹਿਬ ਨੇ ਵਰਕਸ਼ਾਪ ਲਗਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਘੇ ਸਿੱਖ ਵਿਦਵਾਨ ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਸਮੂੰਹ ਚਿੱਤਰਕਾਰਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਿੰਘ ਸਾਹਿਬ ਨਾਲ ਬਾਬਾ ਕਾਕਾ ਸਿੰਘ ਮੁਖੀ ਗੁ:ਬੁੰਗਾ ਮਸਤੂਆਣਾ, ਭਾਈ ਰਣਜੀਤ ਸਿੰਘ ਮੈਨੇਜਰ ਤਖ਼ਤ ਸਾਹਿਬ, ਭਾਈ ਗੁਰਸੇਵਕ ਸਿੰਘ ਕਿੰਗਰਾ ਮੀਤ ਮੈਨੇਜਰ, ਭਾਈ ਜਗਤਾਰ ਸਿੰਘ ਹੈੱਡ ਗ੍ਰੰਥੀ, ਭਾਈ ਕੌਰ ਸਿੰਘ ਕੋਠਾਗੁਰੂ ਸਿੱਖ ਵਿਦਵਾਨ, ਭਾਈ ਮੇਜਰ ਸਿੰਘ, ਭੁਪਿੰਦਰ ਸਿੰਘ ਲਹਿਰੀ ਆਦਿ ਮੌਜੂਦ ਸਨ। -PTC News

Related Post