Sidhu Moose Wala CCTV Footage : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਇਸ ਵੇਲੇ ਸਿਰਫ਼ ਮਾਨਸਾ ਹੀ ਨਹੀਂ, ਸਗੋਂ ਪੂਰਾ ਪੰਜਾਬ, ਅਸਲ ਵਿੱਚ ਪੂਰਾ ਦੇਸ਼ ਮੂਸੇਵਾਲਾ ਦੀ ਮੌਤ ਮਗਰੋਂ ਸੋਗ ਮਨਾ ਰਿਹਾ ਹੈ। ਇਸ ਵਿਚਾਲੇ ਕਤਲ ਕਾਂਡ ਨਾਲ ਸਬੰਧਤ ਹੁਣ ਤੱਕ 6 ਵੀਡੀਓ ਸਾਹਮਣੇ ਆ ਚੁੱਕੇ ਹਨ। ਹੁਣ ਇੱਕ ਹੋਰ ਨਵਾਂ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਹ ਸੀਸੀਟੀਵੀ ਫੁਟੇਜ ਸਿੱਧੂ ਮੂਸੇਵਾਲਾ ਦਾ ਹਮਲੇ ਤੋਂ ਠੀਕ ਕੁੱਝ ਮਿੰਟ ਪਹਿਲਾਂ ਦਾ ਇਹ ਵੀਡੀਓ ਹੈ। ਇਸ ਵੀਡੀਓ ਵਿਚ ਸਿੱਧੂ ਮੂਸੇਵਾਲਾ ਦੇ ਫੈਨਸ ਉਨ੍ਹਾਂ ਨਾਲ ਸੈਲਫੀ ਲੈ ਰਹੇ ਸਨ।
ਤਾਜ਼ਾ ਸੀਸੀਟੀਵੀ ਫੁਟੇਜ ਵਿੱਚ, ਸਿੱਧੂ ਮੂਸੇ ਵਾਲਾ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਲਈ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਆਪਣੀ ਕਾਰ ਨੂੰ ਰੋਕਿਆ ਹੈ ਜਦੋਂ 8-10 ਤੋਂ ਵੱਧ ਲੋਕ ਉਨ੍ਹਾਂ ਦੇ ਨੇੜੇ ਆਉਂਦੇ ਹਨ ਅਤੇ ਮਰਹੂਮ ਗਾਇਕ ਨਾਲ ਸੈਲਫੀ ਲੈਂਦੇ ਹਨ। ਹਾਲਾਂਕਿ ਇਸ ਸੀਸੀਟੀਵੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਤੋਂ ਪਹਿਲਾ ਪੰਜਾਬੀ ਮਕਬੂਲ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਪੁਲਿਸ ਨੇ ਇਕ ਹੋਰ ਗ੍ਰਿਫ਼ਤਾਰੀ ਕੀਤੀ ਗਈ ਹੈ। ਐਤਵਾਰ ਰਾਤ ਨੂੰ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ ਕੀਤੀ। ਮੋਗਾ ਪੁਲਿਸ ਨੇ ਸੀਆਈਏ ਦੀ ਮਦਦ ਨਾਲ ਦਵਿੰਦਰ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਪਵਨ ਤੇ ਨਸੀਬ ਨੂੰ ਭੀਰਡਾਨਾ ਤੋਂ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਤੋਂ ਹੋਈ ਪੁੱਛਗਿੱਛ ਦੇ ਆਧਾਰ ਉਤੇ ਦਵਿੰਦਰ ਉਰਫ ਕਾਲਾ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਕ ਹੋਰ ਗ੍ਰਿਫ਼ਤਾਰੀ
ਦੂਜੇ ਪਾਸੇ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਉਹ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਵਸਨੀਕ ਹਨ। ਸਾਰੇ ਸ਼ਾਰਪ ਸ਼ੂਟਰ ਗੈਂਗਸਟਰ ਲਾਰੈਂਸ ਗੈਂਗ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਤੋਂ ਬਾਅਦ ਹੁਣ ਇਨ੍ਹਾਂ 4 ਸੂਬਿਆਂ ਦੀ ਪੁਲਿਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਕਾਤਲਾਂ ਨੂੰ ਹਥਿਆਰ ਅਤੇ ਗੱਡੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਤਲ ਤੋਂ ਪਹਿਲਾਂ ਰੁਕਣ ਲਈ ਥਾਂ ਮੁਹੱਈਆ ਕਰਵਾਉਣ ਵਾਲੇ ਵਿਅਕਤੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਰੇਕੀ ਵਿੱਚ ਮਦਦ ਕਰਨ ਵਾਲੇ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦਿਨ ਐਤਵਾਰ ਸ਼ਾਮ 5.30 ਵਜੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ। ਹਮਲਾਵਰਾਂ ਵੱਲੋਂ ਉਨ੍ਹਾਂ ਨੂੰ 24 ਦੇ ਕਰੀਬ ਗੋਲੀਆਂ ਮਾਰੀਆਂ ਗਈਆਂ ਸਨ। ਮੂਸੇਵਾਲਾ ਨੂੰ ਗੋਲੀ ਲੱਗਣ ਦੇ 15 ਮਿੰਟਾਂ ਦੇ ਬਾਅਦ ਸਿੱਧੂ ਦੀ ਮੌਤ ਹੋ ਗਈ ਸੀ। ਬੋਲੈਰੋ ਅਤੇ ਕੋਰੋਲਾ ਗੱਡੀਆਂ ਵੱਲੋਂ ਪਿੱਛਾ ਕਰਕੇ ਥਾਰ ਜੀਪ ਰਾਹੀਂ ਜਾ ਰਹੇ ਮੂਸੇਵਾਲਾ ਦੀ ਮੌਤ ਹੋ ਗਈ। ਉਸ ਸਮੇਂ ਮੂਸੇਵਾਲਾ ਕੋਲ ਕੋਈ ਗੰਨਮੈਨ ਨਹੀਂ ਸੀ।
-PTC News