ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ
ਮੈਲਬੌਰਨ, 9 ਅਗਸਤ: 'ਰਾਵਲਪਿੰਡੀ ਐਕਸਪ੍ਰੈਸ' ਦੇ ਨਾਂਅ ਨਾਲ ਮਸ਼ਹੂਰ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ 'ਚ ਇਕ ਸਰਜੀਕਲ ਪ੍ਰਕਿਰਿਆ ਅਧੀਨ ਹਨ, ਜਿੱਥੇ ਉਨ੍ਹਾਂ ਦੇ ਗੋਡਿਆਂ ਦੀ ਸਰਜਰੀ ਚਲ ਰਹੀ ਹੈ। ਇੰਸਟਾਗ੍ਰਾਮ 'ਤੇ ਹਸਪਤਾਲ ਦੇ ਬਿਸਤਰੇ ਤੋਂ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਅਖਤਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਭਾਵੁਕ ਅਪੀਲ ਕੀਤੀ। ਸ਼ੋਏਬ ਨੇ ਕਿਹਾ ਕਿ ਉਹ ਇਸ ਸਮੇਂ ਬਹੁਤ ਦਰਦ ਵਿੱਚ ਨੇ ਅਤੇ ਉਨ੍ਹਾਂ ਦੀਆਂ ਦੁਆਵਾਂ ਮੰਗਦੇ ਹਨ। ਪਾਕਿਸਤਾਨੀ ਖਿਡਾਰੀ ਨੇ ਆਪਣੇ ਵੀਡੀਓ ਸੰਦੇਸ਼ 'ਚ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਹ ਉਸ ਦੀ ਆਖਰੀ ਸਰਜਰੀ ਹੋਵੇਗੀ।
ਸਾਬਕਾ ਤੇਜ਼ ਗੇਂਦਬਾਜ਼ ਨੇ ਖੁਲਾਸਾ ਕੀਤਾ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਉਹ ਪਿਛਲੇ 11 ਸਾਲਾਂ ਤੋਂ ਦਰਦ ਨਾਲ ਝੂਝ ਰਹੇ ਨੇ ਅਤੇ ਇਹ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਦਾ ਹੀ ਨਤੀਜਾ ਹੈ। ਅਖਤਰ ਨੇ ਵੀਡੀਓ ਵਿੱਚ ਕਿਹਾ “ਮੈਂ ਹੋਰ ਚਾਰ ਤੋਂ ਪੰਜ ਸਾਲ ਖੇਡ ਸਕਦਾ ਸੀ ਪਰ ਮੈਨੂੰ ਪਤਾ ਸੀ ਕਿ ਜੇ ਮੈਂ ਅਜਿਹਾ ਕੀਤਾ ਤਾਂ ਮੈਂ ਵ੍ਹੀਲਚੇਅਰ ਨਾਲ ਬੱਝ ਜਾਵਾਂਗਾ। ਇਹੀ ਕਾਰਨ ਹੈ ਕਿ ਮੈਂ ਕ੍ਰਿਕਟ ਤੋਂ ਸੰਨਿਆਸ ਲਿਆ।”