ਗੁਰਦੁਆਰਾ ਸਾਹਿਬ ਨੇੜੇ ਸੰਗਤ ਨੂੰ ਪ੍ਰੇਸ਼ਾਨ ਕਰਨ ਵਾਲੇ ਰੈਸਟੋਰੈਂਟ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਕੀਤੀ ਕਾਰਵਾਈ ਦੀ ਮੰਗ

By  Pardeep Singh February 7th 2022 04:37 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਸਥਾਨ ਦੇ ਜੋਧਪੁਰ ਅੰਦਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਜ਼ਦੀਕ ਇਕ ਰੈਸਟੋਰੈਂਟ ਕਾਰਨ ਸੰਗਤ ਨੂੰ ਆਉਂਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਸ ਨੂੰ ਬੰਦ ਕਰਵਾਉਣ ਲਈ ਜੋਧਪੁਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਪੱਤਰ ਲਿਖਿਆ ਹੈ। ਜੋਧਪੁਰ ਦੀ ਸੰਗਤ ਵੱਲੋਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਕੋਲ ਉਠਾਇਆ ਗਿਆ ਸੀ। ਸੰਗਤ ਨੇ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ ਸੀ ਕਿ ਜੋਧਪੁਰ ਦੇ ਸਿੰਧੀ ਕਾਲੋਨੀ (ਸ਼ਾਸ਼ਤਰੀ ਨਗਰ) ਵਿਚ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਣੇ ਇਕ ਰੈਸਟੋਰੈਂਟ ਵੱਲੋਂ ਸੜਕ ਉਤੇ ਹੀ ਲੋਕਾਂ ਨੂੰ ਸ਼ਰੇਆਮ ਸ਼ਰਾਬ ਦਿੱਤੀ ਜਾਂਦੀ ਹੈ, ਜਿਸ ਨਾਲ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਓਐਸਡੀ ਸਤਬੀਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਰਾਜਸਥਾਨ ਦੀਆਂ ਸੰਗਤਾਂ ਨੇ ਸ਼ਿਕਾਇਤ ਭੇਜੀ ਸੀ ਕਿ ਜੋਧਪੁਰ ਅੰਦਰ ਸਿੰਧੀ ਕਲੋਨੀ ਸ਼ਾਸਤਰੀ ਨਗਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਇਕ ਰੈਸਟੋਰੈਂਟ ਸੜਕ ਉੱਤੇ ਲੋਕਾਂ ਨੂੰ ਸ਼ਰਾਬ ਮੁਹੱਈਆ ਕਰਵਾਉਂਦਾ ਹੈ। ਇਥੇ ਲੋਕ ਆਪਣੀਆਂ ਕਾਰਾਂ ਵਿਚ ਬੈਠ ਕੇ ਸ਼ਰਾਬ ਪੀਂਦੇ ਹਨ ਅਤੇ ਕਈ ਵਾਰ ਝਗੜੇ ਕਰਕੇ ਮਾਹੌਲ ਖਰਾਬ ਹੋ ਰਿਹਾ ਹੈ। ਪਾਰਕਿੰਗ ਬਿਨ੍ਹਾਂ ਇਹ ਰੈਸਟੋਰੈਂਟ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਲਈ ਮੁਸ਼ਕਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਆਦੇਸ਼ਾਂ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਜੋਧਪੁਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਗਿਆ ਹੈ। ਸਤਬੀਰ ਸਿੰਘ ਨੇ ਕਿਹਾ ਕਿ ਸੰਗਤ ਅਨੁਸਾਰ ਉਨ੍ਹਾਂ ਨੇ ਇਹ ਮਾਮਲਾ ਸਥਾਨਕ ਪੁਲਿਸ ਦੇ ਧਿਆਨ ਵਿਚ ਵੀ ਲਿਆਂਦਾ ਸੀ, ਪਰ ਹੁਣ ਤੱਕ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਰਾਜਸਥਾਨ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਦਾ ਤੁਰੰਤ ਹੱਲ ਕੱਢਿਆ ਜਾਵੇ, ਤਾਂ ਜੋ ਸੰਗਤ ਦੀ ਪ੍ਰੇਸ਼ਾਨੀ ਦੂਰ ਹੋ ਸਕੇ। ਇਹ ਵੀ ਪੜ੍ਹੋ:ਓਮੀਕਰੋਨ ਦਾ ਸੈਕਸ ਲਾਈਫ਼ 'ਤੇ ਕੀ ਹੋਵੇਗਾ ਅਸਰ, ਜਾਣੋ ਡਿਟੇਲ -PTC News

Related Post