ਮੁੰਬਈ : ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ ਵਿੱਚ ਰਾਹਤ ਮਿਲ ਗਈ ਹੈ। ਸਿਧਾਂਤ ਨੂੰ ਬੀਤੇ ਦਿਨ ਬੈਂਗਲੁਰੂ 'ਚ ਨਸ਼ੀਲੇ ਪਦਾਰਥ ਲੈਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇੱਕ ਹੋਟਲ ਵਿੱਚ ਛਾਪੇਮਾਰੀ ਦੌਰਾਨ ਪਾਰਟੀ ਵਿੱਚ ਸਿਧਾਂਤ ਕਪੂਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਰ ਕੁਝ ਵਿਅਕਤੀਆਂ ਦੇ ਨਮੂਨੇ ਲਏ ਗਏ ਸਨ। ਇਸ ਤੋਂ ਬਾਅਦ ਸਿਧਾਂਤ ਦਾ ਡਰੱਗ ਟੈਸਟ ਪਾਜ਼ੇਟਿਵ ਪਾਇਆ ਆਇਆ ਹੈ। ਸਿਧਾਂਤ ਦੇ ਨਾਲ ਹੀ ਚਾਰ ਹੋਰ ਵਿਅਕਤੀਆਂ ਨੂੰ ਵੀ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ 'ਚ ਡੀਸੀਪੀ ਈਸਟ ਬੈਂਗਲੁਰੂ ਭੀਮਾਸ਼ੰਕਰ ਗੁਲੇਦ ਨੇ ਦੱਸਿਆ ਕਿ ਸਿਧਾਂਤ ਕਪੂਰ ਤੇ ਚਾਰ ਲੋਕਾਂ ਨੂੰ ਸਟੇਸ਼ਨ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ ਹੈ। ਜਦੋਂ ਉਸ ਨੂੰ ਬੁਲਾਇਆ ਜਾਵੇਗਾ ਤਾਂ ਉਸ ਨੂੰ ਥਾਣੇ ਆਉਣਾ ਪਵੇਗਾ। ਇਸ ਦੇ ਨਾਲ ਹੀ ਪੁਲਿਸ ਦੇ ਡਿਪਟੀ ਕਮਿਸ਼ਨਰ ਡਾ. ਭੀਮਾਸ਼ੰਕਰ ਐਸ. ਗੁਲੇਦ ਨੇ ਕਿਹਾ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੇ ਨਸ਼ਾ ਕੀਤਾ ਸੀ। ਉਸ ਦੇ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਦੀ ਰਿਪੋਰਟ ਤੋਂ ਪਤਾ ਲੱਗਿਆ ਕਿ ਉਸ ਨੇ ਨਸ਼ਾ ਕੀਤਾ ਸੀ। ਉਸ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਰਾਤ ਨੂੰ ਐਮਜੀ ਰੋਡ ਉਤੇ ਸਥਿਤ ਇਕ ਹੋਟਲ 'ਚ ਰੇਵ ਪਾਰਟੀ ਦੌਰਾਨ ਜਦੋਂ ਪੁਲਿਸ ਦੀ ਟੀਮ ਨੇ ਛਾਪਾ ਮਾਰਿਆ, ਜਿੱਥੋਂ ਸਿਧਾਂਤ ਕਪੂਰ ਦੇ ਨਾਲ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਪਾਰਟੀ ਵਿੱਚ ਕਰੀਬ 35 ਲੋਕ ਸਨ। ਸਿਧਾਂਤ ਵੀ ਇਸ ਪਾਰਟੀ ਵਿੱਚ ਸ਼ਾਮਲ ਸੀ। ਜਿਸ ਨੂੰ ਬਾਅਦ ਵਿਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਜਦੋਂ ਸਾਰਿਆਂ ਨੇ ਆਪਣਾ ਮੈਡੀਕਲ ਟੈਸਟ ਕਰਵਾਇਆ ਤਾਂ ਸਿਧਾਂਤ ਸਮੇਤ ਪੰਜ ਲੋਕਾਂ ਦਾ ਟੈਸਟ ਪਾਜ਼ੇਟਿਵ ਆਇਆ। ਪੁਲਿਸ ਨੇ ਪਾਰਟੀ ਤੋਂ ਸੱਤ 'ਐਕਸਟੈਸੀ' ਗੋਲੀਆਂ ਅਤੇ ਭੰਗ ਦਾ ਇੱਕ ਪੈਕੇਟ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸੁਰੂ ਕਰ ਰਹੀ ਹੈ। ਇਹ ਵੀ ਪੜ੍ਹੋ : ਅਗਲੇ 24 ਘੰਟਿਆਂ 'ਚ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਤੇ ਹਵਾਵਾਂ ਚੱਲਣ ਦੀ ਪੇਸ਼ੀਨਗੋਈ