ਜੇਲ੍ਹ 'ਚ ਬੰਦ ਬੇਅਦਬੀ ਦੇ ਮੁਲਜ਼ਮਾਂ ਦੀ ਕੁੱਟਮਾਰ ਕਰਨ ਵਾਲੇ ਸਿੱਖਾਂ ਨੂੰ ਐਸਜੀਪੀਸੀ ਦੇਵੇਗੀ ਇਨਾਮ
ਅੰਮ੍ਰਿਤਸਰ : ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਫੜ੍ਹੇ ਗਏ 3 ਵਿਅਕਤੀਆਂ ਨੂੰ ਜੇਲ੍ਹ ਵਿਚ ਕੁੱਟਣ ਵਾਲੇ ਤਿੰਨ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ 1-1 ਲੱਖ ਰੁਪਏ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਬੇਅਦਬੀ ਦੀ ਘਟਨਾ ਅੰਮ੍ਰਿਤਸਰ ਦੇ ਪਿੰਡ ਰਾਮਦੀਵਾਲੀ ਵਿਚ 12 ਮਾਰਚ 2016 ਨੂੰ ਵਾਪਰੀ ਸੀ। ਬੇਅਦਬੀ ਦੇ ਮਾਮਲੇ ਵਿਚ ਪਿੰਡ ਦੇ 3 ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਸੂਚਨਾ ਅਨੁਸਾਰ ਕਰਤਾਰਪੁਰ ਦੇ ਸਰਵਦੀਪ ਸਿੰਘ, ਤਰਨਤਾਰਨ ਦੇ ਸਰਬਜੀਤ ਸਿੰਘ ਮੀਆਂਵਿੰਡ ਅਤੇ ਅੰਮ੍ਰਿਤਸਰ ਦੇ ਜਗਤਾਰ ਸਿੰਘ ਭਾਗੋਵਾਲੀ ਨੂੰ ਇਨਾਮ ਮਿਲੇਗਾ। ਤਿੰਨ ਸਿੱਖਾਂ ਨੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਉਨ੍ਹਾਂ ਤਿੰਨ ਕੈਦੀਆਂ ਨੂੰ ਸਜ਼ਾ ਦਿੱਤੀ ਸੀ, ਜਿਨ੍ਹਾਂ ਨੇ 2016 ਵਿਚ ਅੰਮ੍ਰਿਤਸਰ ਦੇ ਮੱਤੇਵਾਲ ਦੇ ਪਿੰਡ ਰਾਮਦੀਵਾਲੀ ਵਿਚ ਬੇਅਦਬੀ ਕੀਤੀ ਸੀ। ਕੁਝ ਦਿਨ ਪਹਿਲਾਂ ਸਰਵਦੀਪ ਸਿੰਘ ਜੇਲ੍ਹ ਤੋਂ ਬਾਹਰ ਆਇਆ ਹੈ। ਐਸਜੀਪੀਸੀ ਉਸ ਨੂੰ ਜਲਦ 1 ਲੱਖ ਰੁਪਏ ਦਾ ਚੌਕ ਸੌਂਪੇਗੀ। ਇਹ ਵੀ ਪੜ੍ਹੋ : ਅੱਜ ਤੋਂ ਸ਼ਹੀਦ ਭਗਤ ਸਿੰਘ ਦੇ ਨਾਮ ਨਾਲ ਜਾਣਿਆ ਜਾਵੇਗਾ ਚੰਡੀਗੜ੍ਹ ਦਾ ਹਵਾਈ ਅੱਡਾ ਜਾਣਕਾਰੀ ਅਨੁਸਾਰ 12 ਮਾਰਚ 2016 ਨੂੰ ਅੰਮ੍ਰਿਤਸਰ ਦੇ ਪਿੰਡ ਰਾਮਦੀਵਾਲੀ ਵਾਸੀ ਪ੍ਰੇਮ ਸਿੰਘ, ਸ਼ਮਸ਼ੇਰ ਸਿੰਘ ਤੇ ਰਾਜੂ ਮਸੀਹ ਨੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋ ਕੇ 2 ਗ੍ਰੰਥ ਸਾਹਿਬ ਅਤੇ 10 ਦੇ ਕਰੀਬ ਗੁਟਕਾ ਸਾਹਿਬ ਅਗਨ ਭੇਟ ਕਰ ਦਿੱਤੇ ਸਨ। ਇਸ ਦੌਰਾਨ ਪਿੰਡ ਵਾਲੇ ਮੌਕੇ ਉਤੇ ਪੁੱਜ ਗਏ ਅਤੇ ਇਕ ਮੁਲਜ਼ਮ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਤੋਂ-ਰਾਤ ਪੁਲਿਸ ਨੇ ਹੋਰ ਦੋ ਮੁਲਜ਼ਮਾਂ ਨੂੰ ਫੜ੍ਹ ਲਿਆ ਸੀ। 2017 ਵਿਚ ਸਥਾਨਕ ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਜੇਲ੍ਹ ਵਿਚ ਹੀ ਬੰਦ ਸਰਵਦੀਪ, ਸਰਬਜੀਤ ਤੇ ਜਗਤਾਰ ਸਿੰਘ ਨੇ ਤਿੰਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸਰਵਦੀਪ, ਸਰਬਜੀਤ ਤੇ ਜਗਤਾਰ ਨੇ ਕੁੱਟਮਾਰ ਕਰਨ ਦੀ ਗੱਲ ਵੀ ਮੰਨੀ ਸੀ ਅਤੇ ਇਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੱਸੀ ਸੀ। -PTC News