ਐਸਜੀਪੀਸੀ ਦੇ ਯਤਨਾਂ ਨੂੰ ਪਿਆ ਬੂਰ ; ਸਿੱਖੀ ਛੱਡ ਕੇ ਗਏ 56 ਪਰਿਵਾਰਾਂ ਦੀ ਹੋਈ ਘਰ ਵਾਪਸੀ

By  Ravinder Singh September 21st 2022 05:59 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਪੰਜਾਬ ਦੇ ਸਰਹੱਦੀ ਖੇਤਰ ਦੇ 12 ਪਿੰਡਾਂ ਤੋਂ 56 ਸਿੱਖ ਪਰਿਵਾਰਾਂ ਦੇ ਲਗਭਗ 500 ਮੈਂਬਰਾਂ ਨੇ ਸਿੱਖੀ ਵਿਚ ਘਰ ਵਾਪਸੀ ਕੀਤੀ ਹੈ, ਜੋ ਗੁਰੂ ਕੀ ਵਡਾਲੀ, ਖਾਪੜਖੇੜੀ, ਰਾਮੂਵਾਲ, ਧੱਤਲ, ਚੀਚਾ, ਭਕਨਾ, ਬੁਰਜ, ਸੋਹਲ ਤੇ ਝਬਾਲ ਆਦਿ ਪਿੰਡਾਂ ਨਾਲ ਸਬੰਧਤ ਹਨ। ਇਸ ਸਬੰਧ ਵਿਚ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਅੰਮ੍ਰਿਤਸਰ ਵਿਖੇ ਕੀਤੇ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਏ ਘਰ ਵਾਪਸੀ ਕਰਨ ਵਾਲੇ ਕਰੀਬ 100 ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ ਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ ਨੇ ਸਿੱਖੀ ਵਿਚ ਵਾਪਸ ਪਰਤੇ ਪਰਿਵਾਰਾਂ ਨੂੰ ਜੀ-ਆਇਆਂ ਕਿਹਾ ਅਤੇ ਭਵਿੱਖ ਵਿਚ ਹੋਰਨਾਂ ਲੋਕਾਂ ਨੂੰ ਅਜਿਹੇ ਅਖੌਤੀ ਪ੍ਰਚਾਰਕਾਂ ਦੇ ਭਰਮਜਾਲ ਤੋਂ ਬਚ ਕੇ ਰਹਿਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਐਸਜੀਪੀਸੀ ਦੇ ਯਤਨਾਂ ਨੂੰ ਪਿਆ ਬੂਰ ; ਸਿੱਖੀ ਛੱਡ ਕੇ ਗਏ 56 ਪਰਿਵਾਰਾਂ ਦੀ ਹੋਈ ਘਰ ਵਾਪਸੀਇਸ ਮੌਕੇ ਮੌਜੂਦ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਇਹ ਸਿੱਖ ਪਰਿਵਾਰ ਅਖੌਤੀ ਇਸਾਈ ਪ੍ਰਚਾਰਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਹੋ ਗਏ ਸਨ। ਇਨ੍ਹਾਂ ਅੰਦਰ ਸਿੱਖੀ ਭਾਵਨਾ ਪ੍ਰਚੰਡ ਹੈ ਤੇ ਇਨ੍ਹਾਂ ਨੇ ਅਹਿਸਾਸ ਕਰਦਿਆਂ ਘਰ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਰਹੱਦੀ ਖੇਤਰ ਅੰਦਰ ਧਰਮ ਪ੍ਰਚਾਰ ਲਹਿਰ ਚਲਾਈ ਜਾ ਰਹੀ ਹੈ ਤੇ ਧਰਮ ਪਰਵਰਤਨ ਦੇ ਮਾਮਲਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਹ ਵੀ ਪੜ੍ਹੋ : ਆਰਟੀਆਈ ਤਹਿਤ ਹੋਇਆ ਖ਼ੁਲਾਸਾ, ਪੰਜਾਬ 'ਚ ਸਿਰਫ਼ ਦੋ ਜਾਇਜ਼ ਮਾਇਨਿੰਗ ਖੱਡਾਂ ਧਰਮ ਪ੍ਰਚਾਰ ਲਹਿਰ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਧਰਮ ਪਰਵਰਤਨ ਦੇ ਮਾਮਲੇ ਅਗਿਆਨਤਾ ਤੇ ਭਰਮਜਾਲ ਨਾਲ ਸਬੰਧਤ ਹਨ ਤੇ ਅਖੌਤੀ ਇਸਾਈ ਪ੍ਰਚਾਰਕ ਲੋਕਾਂ ਨੂੰ ਇਸੇ ਤਹਿਤ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਰਹੱਦੀ ਖੇਤਰਾਂ ਅੰਦਰ ਸਰਵੇ ਜਾਰੀ ਹੈ ਤੇ ਇਨ੍ਹਾਂ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਧਰਮ ਪ੍ਰਚਾਰ ਲਹਿਰ ਦੌਰਾਨ ਸੰਗਤਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਗ਼ਰੀਬ ਵਿਦਿਆਰਥੀਆਂ ਦੇ ਨਾਲ-ਨਾਲ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਵਿਦਿਆ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਅੰਮ੍ਰਿਤਧਾਰੀ ਸਿੱਖ ਬੱਚੀਆਂ ਦੀ ਉੱਚ ਸਿੱਖਿਆ ਲਈ ਵੀ ਤਲਵੰਡੀ ਸਾਬੋ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੁਫ਼ਤ ਰਿਹਾਇਸ਼ੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਥੇ ਪੜ੍ਹਾਈ, ਰਹਿਣ ਸਹਿਣ ਅਤੇ ਖਾਣੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰਦੀ ਹੈ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਲਈ ਸਰਹੱਦੀ ਪਿੰਡਾਂ 'ਚ ਮੈਡੀਕਲ ਕੈਂਪ ਵੀ ਸਮੇਂ ਸਮੇਂ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਸਹੂਲਤਾਂ ਲੋੜਵੰਦਾਂ ਲਈ ਹਨ ਅਤੇ ਸੰਗਤ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅਖੌਤੀ ਇਸਾਈ ਪ੍ਰਚਾਰਕਾਂ ਦੇ ਝਾਂਸੇ ਤੋਂ ਸੁਚੇਤ ਰਹਿਣ। -PTC News  

Related Post