ਧੋਖਾਧੜੀ ਮਾਮਲੇ 'ਚ ਕਾਂਗਰਸ ਦਾ ਬੁਲਾਰਾ ਗ੍ਰਿਫ਼ਤਾਰ

By  Pardeep Singh August 28th 2022 04:43 PM -- Updated: August 28th 2022 05:13 PM

ਚੰਡੀਗੜ੍ਹ: ਜ਼ੈਨਲੀ ਨਾਂਅ ਦੀ ਮਹਿਲਾ ਨੇ 2013 ਵਿੱਚ ਆਪਣੇ ਘਰ ਦੀ ਦੂਜੀ ਮੰਜ਼ਿਲ ਕਾਂਗਰਸ ਦੇ ਸਾਬਕਾ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੂੰ ਕਿਰਾਏ 'ਤੇ ਦਿੱਤੀ ਸੀ।ਬਾਲੀ ਦਾ ਕੰਸਟਰੱਕਸ਼ਨ ਦਾ ਕੰਮ ਹੈ, ਇਸ ਲਈ ਔਰਤ ਨੇ ਉਸ ਤੋਂ ਘਰ ਵਿੱਚ ਕੁਝ ਉਸਾਰੀ ਦਾ ਕੰਮ ਵੀ ਕਰਵਾਇਆ। ਚੰਡੀਗੜ੍ਹ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਨੇ ਇੱਕ ਬਜ਼ੁਰਗ ਚੀਨੀ ਔਰਤ ਦੀ ਜਾਇਦਾਦ ਹੜੱਪਣ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਬੁਲਾਰੇ ਅਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਬਾਲੀ (65) ਅਤੇ ਵਿਸ਼ਵਜੀਤ ਸਿੰਘ (34) ਵਾਸੀ ਪੰਚਕੂਲਾ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


 ਇਸ ਵਿੱਚ ਜਾਅਲੀ ਅਸ਼ਟਾਮ, ਜਾਅਲੀ ਕਰਾਸ ਸਟੈਂਪ, ਕਾਗਜ਼ ਵਿੱਚ ਤਰੁੱਟੀਆਂ ਸਮੇਤ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਹਨ। ਪੁਲਿਸ ਅਨੁਸਾਰ ਸੈਕਟਰ-35 ਦੀ ਰਹਿਣ ਵਾਲੀ 74 ਸਾਲਾ ਬਜ਼ੁਰਗ ਵਿਧਵਾ ਔਰਤ ਜ਼ੈਨਲੀ ਮੂਲ ਰੂਪ ਵਿੱਚ ਚੀਨ ਦੀ ਰਹਿਣ ਵਾਲੀ ਹੈ। ਹਾਲਾਂਕਿ ਉਸ ਨੇ ਭਾਰਤ ਦੀ ਨਾਗਰਿਕਤਾ ਲੈ ਲਈ ਹੈ। ਉਹ ਆਪਣੇ ਘਰ ਵਿਚ ਇਕੱਲੀ ਰਹਿੰਦੀ ਹੈ ਅਤੇ ਸਾਰੀ ਜਾਇਦਾਦ ਦੀ ਮਾਲਕ ਹੈ। ਉਸ ਦੇ ਦੋ ਪੁੱਤਰ ਹਨ ਜੋ ਵਿਦੇਸ਼ ਵਿੱਚ ਹਨ।


ਜ਼ੈਨਲੀ ਨੇ ਆਪਣੇ ਘਰ ਦੀ ਦੂਜੀ ਮੰਜ਼ਿਲ ਕਾਂਗਰਸ ਦੇ ਸਾਬਕਾ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੂੰ ਕਿਰਾਏ 'ਤੇ ਦਿੱਤੀ ਸੀ। ਮੁਲਜ਼ਮ ਕੋਲ ਕੰਸਟਰੱਕਸ਼ਨ ਦਾ ਕੰਮ ਹੈ, ਇਸ ਲਈ ਔਰਤ ਨੇ ਉਸ ਨੂੰ ਘਰ ਵਿੱਚ ਕੁਝ ਉਸਾਰੀ ਦਾ ਕੰਮ ਵੀ ਕਰਵਾਇਆ। ਇਸ ਦੌਰਾਨ ਉਹ ਔਰਤ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਇਲਜ਼ਾਮ ਅਨੁਸਾਰ ਬਾਲੀ ਨੇ ਮਹਿਲਾ ਤੋਂ ਢਾਈ ਲੱਖ ਰੁਪਏ ਵੀ ਲਏ ਸਨ, ਜੋ ਅਜੇ ਵਾਪਸ ਨਹੀਂ ਕੀਤੇ ਗਏ। ਮੁਲਜ਼ਮ ਔਰਤ ਨੂੰ ਕਿਰਾਇਆ ਦੇਣ ਵਿੱਚ ਵੀ ਦੇਰੀ ਕਰਦਾ ਰਿਹਾ।


 ਮੁਲਜ਼ਮਾਂ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚਣ ਦਾ ਇਕਰਾਰਨਾਮਾ ਤਿਆਰ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ਔਰਤ ਨੇ ਉਨ੍ਹਾਂ ਨੂੰ ਘਰ ਦੀ ਉਪਰਲੀ ਮੰਜ਼ਿਲ 28 ਲੱਖ ਰੁਪਏ ਵਿੱਚ ਵੇਚ ਦਿੱਤੀ ਸੀ। ਇਸ ਵਿੱਚ ਮੁਲਜ਼ਮਾਂ ਨੇ ਜਾਅਲੀ ਦਸਤਖ਼ਤ ਅਤੇ ਮੋਹਰ ਵੀ ਲਾਏ ਹੋਏ ਸਨ। ਸਾਲ 2017 'ਚ ਜਦੋਂ ਪੀੜਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਦੋਂ ਆਰਥਿਕ ਅਪਰਾਧ ਸ਼ਾਖਾ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਨੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ। ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ ਔਰਤ ਨੂੰ ਪੈਸੇ ਦਿੱਤੇ ਹਨ। ਜਦੋਂ ਪੁਲਿਸ ਨੇ ਬੈਂਕ ਦੇ ਸਾਰੇ ਵੇਰਵੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਇਸ ਮਗਰੋਂ ਪੁਲੀਸ ਦੇ ਆਰਥਿਕ ਅਪਰਾਧ ਸ਼ਾਖਾ ਦੇ ਐਸਪੀ ਕੇਤਨ ਬਾਂਸਲ ਦੀਆਂ ਹਦਾਇਤਾਂ ’ਤੇ ਪੁਲੀਸ ਟੀਮ ਨੇ ਸਹਾਇਕ ਸਬ ਇੰਸਪੈਕਟਰ ਮੁਕੇਸ਼ ਕੁਮਾਰ ਸਮੇਤ ਦੋਵਾਂ ਨੂੰ ਪੰਚਕੂਲਾ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ।


ਮੁਲਜ਼ਮ ਪੰਚਕੂਲਾ ਦੇ ਸੈਕਟਰ-7 ਵਿੱਚ ਰਹਿੰਦੇ ਹਨ। ਜਦੋਂ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਹੰਗਾਮਾ ਕੀਤਾ ਅਤੇ ਦੁਰਵਿਵਹਾਰ ਕੀਤਾ। ਇਹ ਦੇਖ ਆਸਪਾਸ ਦੇ ਲੋਕ ਇਕੱਠੇ ਹੋ ਗਏ। ਸੂਚਨਾ ਤੋਂ ਬਾਅਦ ਪੰਚਕੂਲਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਸਬੰਧਤ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ ਡੀਡੀਆਰ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਚੰਡੀਗੜ੍ਹ ਲਿਆਂਦਾ ਹੈ।

ਇਹ ਵੀ ਪੜ੍ਹੋ:ਨਸ਼ੇੜੀਆਂ ਵੱਲੋਂ ਗੁਰਸਿੱਖ ਪਰਿਵਾਰ ਦੀ ਕੁੱਟਮਾਰ



-PTC News

Related Post