ਜ਼ੀਰਕਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਰਚ ਅਭਿਆਨ

By  Jasmeet Singh August 2nd 2022 01:13 PM

ਜ਼ੀਰਕਪੁਰ, 2 ਅਗਸਤ: ਵੀਆਈਪੀ ਰੋਡ ’ਤੇ ਸਥਿਤ ਨਿਰਮਲ ਛਾਇਆ ਸੁਸਾਇਟੀ 'ਚ ਪੁਲਿਸ ਨੇ ਮੰਗਲਵਾਰ ਸਵੇਰੇ ਵਿਸ਼ੇਸ਼ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਜਿਸ ਦਾ ਮਕਸਦ “ਸਮਾਜ ਵਿਰੋਧੀ ਅਨਸਰਾਂ” ਜਾਂ ਗੈਰ-ਕਾਨੂੰਨੀ ਹਥਿਆਰ ਜਾਂ ਨਸ਼ੀਲੇ ਪਦਾਰਥ ਲੈ ਕੇ ਜਾਣ ਵਾਲੇ ਕਿਸੇ ਵੀ ਵਿਅਕਤੀ ਦੀ ਹਰਕਤ ਨੂੰ ਰੋਕਣਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੁਕਮਾਂ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐਸਐਸਪੀ ਮੁਹਾਲੀ ਵਿਵੇਕ ਸ਼ੀਲ ਸੋਨੀ ਦੀ ਦੇਖ-ਰੇਖ ਅਤੇ ਅਗਵਾਈ ਹੇਠ ਇਹ ਮੁਹਿੰਮ ਚਲਾਈ ਗਈ। ਜ਼ੀਰਕਪੁਰ ਦੀ ਵੀਆਈਪੀ ਰੋਡ ’ਤੇ ਸਥਿਤ ਨਿਰਮਲ ਛਾਇਆ ਹਾਊਸਿੰਗ ਸੁਸਾਇਟੀ ਵਿੱਚ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਸੁਸਾਇਟੀ ਦੇ ਸਾਰੇ ਫਲੈਟਾਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਣਾ ਹੈ। ਅਜਿਹੀਆਂ ਮੁਹਿੰਮਾਂ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦਾ ਕੰਮ ਵੀ ਕਰਦੀਆਂ ਹਨ। ਐੱਸਪੀ ਨਵਰੀਤ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਭਵਿੱਖ ਵਿੱਚ ਵੀ ਅਜਿਹੀਆਂ ਮੁਹਿੰਮਾਂ ਜਾਰੀ ਰੱਖੇਗੀ। ਉਨ੍ਹਾਂ ਮਕਾਨ ਮਾਲਕਾਂ ਨੂੰ ਆਪਣੇ ਘਰਾਂ ਵਿੱਚ ਰੱਖੇ ਕਿਰਾਏਦਾਰਾਂ ਦੀ ਤਸਦੀਕ ਕਰਵਾਉਣ ਲਈ ਕਿਹਾ ਹੈ, ਉਨ੍ਹਾਂ ਕਿਹਾ ਕਿ ਲੋਕ ਆਪਣੇ ਆਂਢ-ਗੁਆਂਢ ਦਾ ਖਾਸ ਖਿਆਲ ਰੱਖਣ। -PTC News

Related Post