Sangrur Lok Sabha Bypoll 2022: ਪੰਜਾਬ ਵਿੱਚ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ। 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਸਵੇਰੇ 9 ਵਜੇ ਤੱਕ 4.07% ਵੋਟਿੰਗ ਦਰਜ ਕੀਤੀ ਗਈ ਹੈ। ਇਸ ਸੀਟ 'ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਫਸਵਾਂ ਮੁਕਾਬਲਾ ਹੈ।ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 13 ਪੁਰਸ਼ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।
ਵੋਟਿੰਗ ਚੱਲ ਰਹੀ ਹੈ ਅਤੇ ਵੋਟਰਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ-----
-ਸਵੇਰੇ 11 ਵਜੇ ਤੱਕ 12.75% ਵੋਟਿੰਗ ਦਰਜ ਹੋਈ ਹੈ।
-ਦੁਪਹਿਰੇ 1 ਵਜੇ ਤੱਕ 22.21% ਵੋਟਿੰਗ ਦਰਜ ਹੋਈ ਹੈ।
-ਦੁਪਹਿਰੇ 3 ਵਜੇ ਤੱਕ 29.07% ਵੋਟਿੰਗ ਦਰਜ ਕੀਤੀ ਗਈ ਹੈ।
ਸੰਗਰੂਰ ਜ਼ਿਮਨੀ ਚੋਣ: ਸ਼ਾਮ 5 ਵਜੇ ਤੱਕ 36.4% ਵੋਟਿੰਗ ਹੋਈ ਦਰਜ।
CM ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਕੀਤੀ ਅਪੀਲ
ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜਨ ਦਾ ਹੈ ..ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ …ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਓਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸਵਿੰਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ…
ਕਾਬਿਲੇਗੌਰ ਹੈ ਕਿ ਇਹ ਸੰਸਦੀ ਸੀਟ ਧੂਰੀ ਤੋਂ ਭਗਵੰਤ ਮਾਨ ਦੇ ਵਿਧਾਇਕ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ। ਇਸ ਵਾਰ ਹਲਕੇ ਵਿੱਚ 15,69,240 ਵੋਟਰ ਹਨ ਜਿਨ੍ਹਾਂ ਵਿਚੋਂ 8,30,056 ਪੁਰਸ਼, 7,39,140 ਮਹਿਲਾਵਾਂ ਤੇ 44 ਕਿੰਨਰ ਹਨ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ 'ਚ ਪੰਜ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਵਿੱਚ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਹੈ।
ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਗੁਰਮੇਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਤੇ ਕਾਂਗਰਸ ਨੇ ਉਮੀਦਵਾਰ ਦਲਵੀਰ ਗੋਲਡੀ, ਪੰਥਕਾਂ ਧਿਰਾਂ ਦੇ ਸਾਂਝੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਤੇ ਭਾਜਪਾ ਨੇ ਕੇਵਲ ਢਿੱਲੋਂ ਨੂੰ ਮੈਦਾਨ ਵਿਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ 58,206 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਕੇਵਲ ਸਿੰਘ ਢਿੱਲੋਂ 2007 ਤੇ 2012 ਵਿਚ ਕਾਂਗਰਸ ਦੀ ਟਿਕਟ 'ਤੇ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਸਨ।
ਇਹ ਵੀ ਪੜ੍ਹੋ: ਲੁਧਿਆਣਾ ਦੇ ਰਾਹੋ ਰੋਡ 'ਤੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ, ਗੁੱਸੇ 'ਚ ਲੋਕਾਂ ਨੇ ਕੀਤਾ ਰੋਡ ਜਾਮ
ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਵੱਲੋਂ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਹਲਕੇ ਭਰ ’ਚ ਤਾਇਨਾਤ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਵੰਡ ਕੇ ਵੋਟਾਂ ਖਰੀਦਣ ਵਰਗੀਆਂ ਗ਼ੈਰ-ਜਮਹੂਰੀ ਘਟਨਾਵਾਂ ਨੂੰ ਰੋਕਣ ਲਈ ਬੜੀ ਚੌਕਸੀ ਨਾਲ ਤਲਾਸ਼ੀ ਜਾਰੀ ਹੈ।
ਪ੍ਰਸ਼ਾਸਨ ਦਾ ਕਹਿਣਾ ਕਿ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਮੂਹ ਏ.ਆਰ.ਓਜ਼ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤੇ ਇਤਲਾਹ ਜਾਂ ਸ਼ਿਕਾਇਤ ਮਿਲਣ ਉਤੇ ਤੁਰੰਤ ਛਾਪੇਮਾਰੀ ਕੀਤੀ ਜਾ ਰਹੀ ਹੈ।
-PTC News