ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਾਸਤੇ ਅਣਗਿਣਤ ਸੁਖਬੀਰ ਕੁਰਬਾਨ ਕਰ ਸਕਦਾ ਹਾਂ: ਪਰਕਾਸ਼ ਸਿੰਘ ਬਾਦਲ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਾਸਤੇ ਅਣਗਿਣਤ ਸੁਖਬੀਰ ਕੁਰਬਾਨ ਕਰ ਸਕਦਾ ਹਾਂ: ਪਰਕਾਸ਼ ਸਿੰਘ ਬਾਦਲ ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਬੇਅਦਬੀ ਦੇ ਦੋਸ਼ਾਂ ਉੱਤੇ ਆਪਣੇ ਵਿਰੁੱਧ ਕਾਰਵਾਈ ਕਰਨ ਲਈ ਲਲਕਾਰਿਆ ਕਿਹਾ ਕਿ ਅਮਰਿੰਦਰ ਵੱਲੋਂ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ ਤੋਂ ਧਿਆਨ ਹਟਾਉਣ ਲਈ ਇਹ ਝੂਠਾ ਮਾਮਲਾ ਉਛਾਲਿਆ ਗਿਆ ਹੈ ਜਾਖੜ ਦੇ ਗੜ੍ਹ ਵਿਚ ਅਕਾਲੀ ਦਲ-ਭਾਜਪਾ ਵੱਲੋਂ ਤਾਕਤ ਦਾ ਬੇਮਿਸਾਲ ਮੁਜ਼ਾਹਰਾ ਅਬੋਹਰ/ਚੰਡੀਗੜ੍ਹ/09 ਸਤੰਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਦਿਆਂ ਕਿਹਾ ਹੈ ਕਿ ਜੇਕਰ ਬੇਅਦਬੀ ਦੇ ਮੁੱਦੇ ਉੱਤੇ ਸਾਡੇ ਖ਼ਿਥਲਾਫ ਲਾਏ ਦੋਸ਼ਾਂ ਵਿਚ ਰੱਤੀ-ਭਰ ਵੀ ਸੱਚਾਈ ਹੈ ਤਾਂ ਉਹ ਅਦਾਲਤ ਵਿਚ ਸਾਡੇ ਵਿਰੁੱਧ ਕੇਸ ਚਲਾਉਣ ਦੀ ਹਿੰਮਤ ਵਿਖਾਏ। ਸਰਦਾਰ ਬਾਦਲ ਅੱਜ ਦੁਪਹਿਰੇ ਇੱਥੇ ਅਕਾਲੀ-ਭਾਜਪਾ ਦੁਆਰਾ ਆਯੋਜਿਤ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਮਰਿੰਦਰ ਵੱਲੋਂ ਬੇਅਦਬੀ ਦੇ ਮੁੱਦੇ ਉੱਤੇ ਅਕਾਲੀ ਦਲ ਵਿਰੁੱਧ ਸ਼ੁਰੂ ਕੀਤੀ ਦੋਖੀ ਮੁਹਿੰਮ ਉਸ ਵੱਲੋਂ ਕੀਤੇ ਗੁਰਬਾਣੀ ਦੀ ਬੇਅਦਬੀ ਦੇ ਅਪਰਾਧ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੈ, ਜੋ ਉਸ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਦਿਆਂ ਕੀਤਾ ਸੀ। ਉਹਨਾਂ ਕਿਹਾ ਕਿ ਉਹ ਜਾਣਦਾ ਹੈ ਕਿ ਉਸ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਝੂਠ ਬੋਲਿਆ ਹੈ ਅਤੇ ਬਹੁਤ ਗੰਭੀਰ ਬੇਅਦਬੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਦੁਨੀਆਂ ਦੇ ਇਤਿਹਾਸ ਵਿਚ ਬੇਅਦਬੀ ਦੀ ਸਭ ਤੋਂ ਵੱਡੀ ਅਤੇ ਦਰਦਨਾਕ ਘਟਨਾ ਹੈ। ਸਰਦਾਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਹਰ ਫਰੰਟ ਉੱਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੋਛੀ ਅਤੇ ਬਦਲੇਖੋਰੀ ਦੀ ਸਿਆਸਤ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ, ਨਸ਼ਿਆਂ ਦਾ ਖਾਤਮਾ, ਨੌਜਵਾਨਾਂ ਨੂੰ ਨੌਕਰੀਆਂ, ਬੁਢਾਪਾ ਪੈਨਸ਼ਨਾਂ ਦੀ ਰਾਸ਼ੀ ਵਧਾਉਣ ਤੋਂ ਲੈ ਕੇ ਗਰੀਬਾਂ ਨੂੰ ਚਾਹ ਦੇ ਨਾਲ ਮੁਫਤ ਖੰਡ ਸ਼ੁਰੂ ਕਰਨ ਆਦਿ ਹਰ ਮਾਮਲੇ ਵਿਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਪਣੀਆਂ ਜ਼ਿੰਦਗੀਆਂ ਨਾਲੋਂ ਵੀ ਵੱਧ ਪਿਆਰੇ ਹਨ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ, ਮਰਿਆਦਾ ਅਤੇ ਸਨਮਾਨ ਦੀ ਰਾਖੀ ਵਾਸਤੇ ਅਣਗਿਣਤ ਸੁਖਬੀਰ ਬਾਦਲ ਅਤੇ ਲੱਖਾਂ ਬਾਦਲ ਕੁਰਬਾਨ ਕਰ ਸਕਦੇ ਹਾਂ। ਜਿਹੜੇ ਲੋਕਾਂ ਨੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕ ਚੜ੍ਹਾਏ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕੀਤਾ ਸੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡੀ ਪ੍ਰਤੀਬੱਧਤਾ ਅਤੇ ਸਾਡੇ ਜਜ਼ਬਾਤਾਂ ਦੀ ਪਵਿੱਤਰਤਾ ਅਤੇ ਡੂੰਘਾਈ ਨੂੰ ਨਹੀਂ ਸਮਝ ਸਕਦੇ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਸਿੱਖ ਕੌਮ ਦੀਆਂ ਦੁਸ਼ਮਣ ਹਨ। ਪਰੰਤੂ ਜੇਕਰ ਤੁਹਾਡੇ ਵਿਚ ਨੈਤਿਕ ਅਤੇ ਰਾਜਨੀਤੀਕ ਹੌਂਸਲਾ ਹੈ ਤਾਂ ਜਿਹੜੇ ਸਾਡੇ ਖ਼ਿਲਾਫ ਤੁਸੀਂ ਮਨਘੜਤ ਸਬੂਤ ਤਿਆਰ ਕੀਤੇ ਹਨ, ਉਹਨਾਂ ਦੇ ਆਧਾਰ ਉੱਤੇ ਸਾਨੂੰ ਅਦਾਲਤ ਵਿਚ ਲਿਜਾ ਕੇ ਸਜ਼ਾ ਦਿਵਾਓ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੀ ਪਾਰਟੀ ਨੇ ਹਮੇਸ਼ਾਂ ਹੀ ਬੇਅਦਬੀ ਦੇ ਕੇਸਾਂ ਦੀ ਕਿਸੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਹੀ ਵਜ੍ਹਾ ਹੈ ਕਿ ਅਕਾਲੀ ਦਲ ਨੇ ਪੱਖਪਾਤੀ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸੇਵਾ ਮੁਕਤ ਜੱਜ ਰਣਜੀਤ ਸਿੰਘ ਆਪ ਆਗੂ ਸੁਖਪਾਲ ਖਹਿਰਾ ਦਾ ਕਰੀਬੀ ਰਿਸ਼ਤੇਦਾਰ ਅਤੇ ਮੁੱਖ ਮੰਤਰੀ ਦੀਆਂ ਰੰਗੀਨ ਸ਼ਾਮਾਂ ਦਾ ਸਾਥੀ ਹੈ। ਇਸ ਮੌਕੇ ਉੱਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੁਜ਼ਦਿਲ ਹੈ, ਕਿਉਂਕਿ ਉਹ ਦਮਨਕਾਰੀ ਸਰਕਾਰਾਂ ਵਿਰੁੱਧ ਅੰਦੋਲਨ ਕਰਨ ਲਈ ਕਦੇ ਸਹਿਮਤ ਨਹੀਂ ਹੋਇਆ। ਉਹਨਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਤੁਸੀਂ ਲੋਕਾਂ ਦੇ ਹਿੱਤਾਂ ਦੀ ਲੜਾਈ ਵਾਸਤੇ ਜੇਲ੍ਹ ਜਾਣ ਤੋਂ ਭੱਜ ਗਏ ਸੀ। ਮੁੱਖ ਮੰਤਰੀ ਨੂੰ ਆਪਣੀ ਤੁਲਨਾ ਸਰਦਾਰ ਪਰਕਾਸ਼ ਸਿੰਘ ਬਾਦਲ ਨਾਲ ਕਰਨ ਤੋਂ ਵਰਜਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿੰਨੇ ਸਾਲ ਤੁਸੀਂ ਸਿਆਸਤ ਕੀਤੀ ਹੈ, ਬਾਦਲ ਸਾਹਿਬ ਨੇ ਉਸ ਤੋਂ ਵੱਧ ਸਮਾਂ ਜੇਲ੍ਹ ਵਿਚ ਗੁਜ਼ਾਰਿਆ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਸ਼ਰਾਬੀ-ਕਬਾਬੀ ਰਾਜਾ , ਜਿਸ ਦੇ ਕਿਰਦਾਰ ਬਾਰੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ, ਉਹ ਦੂਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਹ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਰਗਿਆਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਅੰਦਰ ਮੁੜ ਤੋਂ ਅੱਤਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਹੀ ਗਿਆਨੀ ਜ਼ੈਲ ਸਿੰਘ ਵਰਗੇ ਵਿਅਕਤੀਆਂ ਰਾਹੀਂ ਅੱਤਵਾਦ ਪੈਦਾ ਕੀਤਾ ਸੀ, ਜਿਸ ਨੇ ਅਕਾਲੀਆਂ ਨੂੰ ਖੂੰਜੇ ਲਾਉਣ ਲਈ ਗਰਮਖ਼ਿਆਲੀਆਂ ਨੂੰ ਹੱਲਾਸ਼ੇਰੀ ਦਿੱਤੀ ਸੀ। ਉਹਨਾਂ ਕਿਹਾ ਕਿ ਮੌਜੂਦਾ ਕਾਂਗਰਸੀ ਸਰਕਾਰ ਬਰਗਾੜੀ ਵਿਖੇ ਧਰਨਾ ਲਗਵਾ ਕੇ ਅਤੇ ਗਰਮਖ਼ਿਆਲੀ ਤੱਤਾਂ ਰਲ ਕੇ ਉਹੀ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਮੇਲਜੋਲ ਇੰਨਾ ਗੂੜ੍ਹਾ ਹੈ ਕਿ ਦਾਦੂਵਾਲ ਰਾਤ ਨੂੰ ਮੁੱਖ ਮੰਤਰੀ ਦੀ ਸਰਰਕਾਰੀ ਰਿਹਾਇਸ਼ ਉੱਤੇ ਜਾ ਕੇ ਮੀਟਿੰਗ ਕਰਦਾ ਫੜਿਆ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹਨਾਂ ਆਪੇ ਬਣੇ ਨਕਲੀ ਜਥੇਦਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵੀ ਝੂਠ ਬੋਲਿਆ ਸੀ। ਪਰੰਤੂ ਇਸ ਦਾ ਖੁਲਾਸਾ ਦਾਦੂਵਾਲ ਦੇ ਵਾਹਨ ਅਤੇ ਮੋਬਾਇਲ ਫੋਨ ਦੀ ਮੁੱਖ ਮੰਤਰੀ ਰਿਹਾਇਸ਼ ਅੰਦਰ ਦਾਖ਼ਲੇ ਤੋਂ ਹੋ ਗਿਆ। ਇੱਥੋਂ ਤਕ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੀ ਇਸ ਮੁਲਾਕਾਤ ਨੂੰ ਕਬੂਲ ਕਰ ਚੁੱਕਿਆ ਹੈ। ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਝੰਡਾ ਸਿਰਫ ਜਾਖੜ ਦੇ ਪਿੰਡ ਪੰਜ ਕੋਸੀ ਵਿਚ ਹੀ ਨਹੀਂ ਸਗੋਂ ਅਬੋਹਰ ਵਿਚ ਵੀ ਉੱਚਾ ਝੁੱਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਉਹੀ ਜਾਖੜ ਹੈ, ਜਿਸ ਦਾ ਪਿਤਾ ਬਲਰਾਮ ਜਾਖੜ ਨੇ ਬਤੌਰ ਲੋਕ ਸਭਾ ਸਪੀਕਰ ਕਿਹਾ ਸੀ ਕਿ ਜੇਕਰ ਦੇਸ਼ ਦੀ ਏਕਤਾ ਲਈ ਸਾਨੂੰ ਦੋ ਕਰੋੜ ਸਿੱਖ ਵੀ ਮਾਰਨੇ ਪਏ ਤਾਂ ਅਸੀਂ ਮਾਰਾਂਗੇ। ਉਹਨਾਂ ਕਿਹਾ ਕਿ ਜਾਖੜ ਔਰਤ ਅਤੇ ਨਾਬਾਲਿਗਾਂ 1ੇੁੱਤੇ ਝੂਠੇ ਪਰਚੇ ਦਰਜ ਕਰਵਾ ਕੇ ਲੋਕਾਂ ਅੰਦਰ ਆਪਣੀ ਦਹਿਸ਼ਤ ਪੈਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਜਾਖੜ ਲੋਕਾਂ ਦੇ ਹਥਕੜੀਆਂ ਲਗਵਾ ਕੇ ਉਹਨਾਂ ਨੂੰ ਜਬਰਦਸਤੀ ਬਜ਼ਾਰਾਂ ਵਿਚ ਘੰੁਮਾ ਰਿਹਾ ਹੈ, ਤਿੰਨ ਸਾਲ ਮਗਰੋਂ ਉਸ ਨਾਲ ਵੀ ਇਹੀ ਕੁੱਝ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਮਨਜੀਤ ਸਿੰਘ ਜੀਕੇ, ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ ਅਤੇ ਅਰੁਣ ਨਾਰੰਗ ਨੇ ਵੀ ਸੰਬੋਧਨ ਕੀਤਾ। ਉਹਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਂਗਰਸ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਗਰਮਖ਼ਿਆਲੀਆਂ ਨਾਲ ਮਿਲ ਚੁੱਕੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਹਕੂਮਤ ਦੌਰਾਨ ਬੇਅਦਬੀ ਦੇ 72 ਕੇਸ ਹੋ ਚੁੱਕੇ ਹਨ, ਪਰੰਤੂ ਇਹਨਾਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ 1984 ਕਤਲੇਆਮ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਪੁਸ਼ਤਪਨਾਹੀ ਕਰਨੀ ਜਾਰੀ ਹੈ। —PTC News