ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਨਿਵਾਸੀ ਸ਼ਰਧਾਲੂ ਪਰਿਵਾਰ ਨੇ ਚੜ੍ਹਾਇਆ ਇੱਕ ਕਿੱਲੋ ਸੋਨਾ

By  Riya Bawa July 8th 2022 04:00 PM

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੈਨੇਡਾ ਨਿਵਾਸੀ ਸ. ਮੇਹਰ ਸਿੰਘ ਚਾਂਦਨਾ ਵੱਲੋਂ ਇੱਕ ਕਿੱਲੋ ਸੋਨਾ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ ਹੈ। ਇਹ ਸੋਨਾ ਉਨ੍ਹਾਂ 100-100 ਗ੍ਰਾਮ ਦੇ 10 ਸਿੱਕਿਆਂ ਦੇ ਰੂਪ ਵਿਚ ਭੇਟ ਕੀਤਾ ਹੈ। ਸ. ਮੇਹਰ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਬੇਟੇ ਸਵਰਗੀ ਸ. ਮਨਦੀਪ ਸਿੰਘ ਚਾਂਦਨਾ ਦੀ ਇੱਛਾ ਸੀ, ਜਿਸ ਨੂੰ ਪੂਰਾ ਕੀਤਾ ਹੈ। ਉਨ੍ਹਾਂ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ, ਜਿਥੋਂ ਆਤਮਿਕ ਅਤੇ ਮਾਨਸਿਕ ਅਗਵਾਈ ਮਿਲਦੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਮਾਨਵਤਾ ਨੂੰ ਸੁੱਖ-ਸ਼ਾਂਤੀ ਬਖ਼ਸ਼ਿਸ਼ ਕਰਨ ਤੇ ਸਰਬੱਤ ਦਾ ਭਲਾ ਕਰਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਸੰਗਤਾਂ ਨਤਮਸਤਕ ਹੋ ਕੇ ਗੁਰੂ ਘਰ ਵਿਖੇ ਭੇਟਾਵਾਂ ਅਰਪਣ ਕਰਦੀਆਂ ਹਨ, ਜਿਸ ਤਹਿਤ ਕੈਨੇਡਾ ਨਿਵਾਸੀ ਸ. ਮੇਹਰ ਸਿੰਘ ਚਾਂਦਨਾ ਨੇ ਸੋਨੇ ਦੀ ਸੇਵਾ ਕਰਵਾਈ ਹੈ। ਉਨ੍ਹਾਂ ਸ਼ਰਧਾਲੂ ਪਰਿਵਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਅੰਤ੍ਰਿੰਗ ਮੈਂਬਰ ਬੀਬੀ ਗੁਰਪ੍ਰੀਤ ਕੌਰ, ਵਧੀਕ ਸਕੱਤਰ  ਪ੍ਰਤਾਪ ਸਿੰਘ ਤੇ ਮੈਨੇਜਰ  ਸੁਲੱਖਣ ਸਿੰਘ ਭੰਗਾਲੀ ਨੇ ਮੇਹਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇੰਚਾਰਜ  ਸ਼ਾਹਬਾਜ਼ ਸਿੰਘ, ਸੁਪ੍ਰਿੰਟੈਂਡੈਂਟ  ਮਲਕੀਤ ਸਿੰਘ ਬਹਿੜਵਾਲ, ਸਹਾਇਕ ਸੁਪ੍ਰਿੰਟੈਂਡੈਂਟ  ਗੁਰਪ੍ਰੀਤ ਸਿੰਘ, ਮੀਤ ਮੈਨੇਜਰ  ਨਿਸ਼ਾਨ ਸਿੰਘ ਆਦਿ ਮੌਜੂਦ ਸਨ। -PTC News

Related Post