Russian warplane crashes in residential area: ਰੂਸ ਦਾ ਇੱਕ ਲੜਾਕੂ ਜਹਾਜ਼ ਯੇਸਕ ਸ਼ਹਿਰ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੰਜਣ ਦੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਇਮਾਰਤ ਤੋਂ ਛਾਲ ਮਾਰਨ ਕਾਰਨ ਮੌਤ ਹੋ ਗਈ ਹੈ। ਯੇਸਕ ਦੀ ਆਬਾਦੀ ਲਗਭਗ 90 ਹਜ਼ਾਰ ਹੈ ਤੇ ਰੂਸ ਦਾ ਇੱਥੇ ਇੱਕ ਵੱਡਾ ਫੌਜੀ ਹਵਾਈ ਅੱਡਾ ਵੀ ਹੈ।
ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਨੌ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ, ਜਿਸ ਤੋਂ ਬਚਣ ਲਈ ਤਿੰਨਾਂ ਨੇ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਰੂਸ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਇੱਕ ਸਿਖਲਾਈ ਮਿਸ਼ਨ ਦੌਰਾਨ ਉਡਾਣ ਭਰਦੇ ਸਮੇਂ Su-34 ਲੜਾਕੂ ਜਹਾਜ਼ ਦੇ ਇੱਕ ਇੰਜਣ ਵਿੱਚ ਅੱਗ ਲੱਗ ਗਈ ਅਤੇ ਬੰਦਰਗਾਹ ਵਾਲੇ ਸ਼ਹਿਰ ਯੇਸਕ ਵਿੱਚ ਡਿੱਗ ਗਿਆ।
ਜਹਾਜ਼ 'ਚ ਸਵਾਰ ਚਾਲਕ ਦਲ ਦੇ ਦੋਵੇਂ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ ਪਰ ਜਹਾਜ਼ ਰਿਹਾਇਸ਼ੀ ਖੇਤਰ 'ਚ ਕ੍ਰੈਸ਼ ਹੋ ਗਿਆ ਅਤੇ ਟੱਕਰ ਤੋਂ ਬਾਅਦ ਜਹਾਜ਼ 'ਚ ਮੌਜੂਦ ਈਂਧਨ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ।
Su-34 ਇੱਕ ਸੁਪਰਸੋਨਿਕ ਟਵਿਨ-ਇੰਜਣ ਵਾਲਾ ਜਹਾਜ਼ ਹੈ ਜੋ ਸੈਂਸਰਾਂ ਅਤੇ ਹਥਿਆਰਾਂ ਨਾਲ ਲੈਸ ਹੈ, ਜੋ ਕਿ ਰੂਸੀ ਹਵਾਈ ਸੈਨਾ ਦਾ ਇੱਕ ਮਹੱਤਵਪੂਰਨ ਹਥਿਆਰ ਹੈ। ਇਮਾਰਤ ਦੇ ਮਲਬੇ ਨੂੰ ਕਈ ਘੰਟਿਆਂ ਤੱਕ ਖੋਦਣ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 13 ਸਥਾਨਕ ਲੋਕ ਮਾਰੇ ਗਏ। ਹੋਰ 19 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਹਾਸਿਲ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ 500 ਤੋਂ ਵੱਧ ਸਥਾਨਕ ਲੋਕਾਂ ਨੂੰ ਸਾਈਟ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਅਸਥਾਈ ਰਿਹਾਇਸ਼ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਸਥਾਨਕ ਗਵਰਨਰ ਦੇ ਨਾਲ ਸਿਹਤ ਅਤੇ ਐਮਰਜੈਂਸੀ ਮੰਤਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ।
ਇਹ ਵੀ ਪੜ੍ਹੋ: ਵਡੋਦਰਾ ਨੇੜੇ ਭਿਆਨਕ ਸੜਕ ਹਾਦਸਾ, ਟਰਾਲੇ ਨਾਲ ਟਕਰਾਈ ਬੱਸ, 6 ਲੋਕਾਂ ਦੀ ਮੌਤ
-PTC News