ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਡਾਇਰੈਕਟਰ ਨੂੰ ਸਿੰਗਾਪੁਰ ਤੋਂ ਆਉਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਮਿਲੀ। ਡਾਇਰੈਕਟਰ ਨੇ ਤੁਰੰਤ ਸੁਰੱਖਿਆ ਨੂੰ ਅਲਰਟ ਕਰ ਦਿੱਤਾ ਸੀ। ਇਸ ਤੋਂ ਬਾਅਦ ਅਨਾਊਂਸਮੈਂਟ ਕਰਵਾਈ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ।
ਇਸ ਤੋਂ ਬਾਅਦ ਸ਼ਾਮ 6.40 'ਤੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਵਾਲੀ ਸਕੂਟ ਫਲਾਈਟ ਨੰਬਰ ਟੀ.ਆਰ.-509 ਨੂੰ ਉਤਰਦੇ ਹੀ ਘੇਰ ਲਿਆ ਗਿਆ। ਸਿੰਗਾਪੁਰ ਤੋਂ ਆਈ ਫਲਾਈਟ ਨੂੰ ਰਨਵੇ ਦੇ ਇੱਕ ਪਾਸੇ ਖੜ੍ਹਾ ਕਰ ਦਿੱਤੀ ਗਈ। ਦੇਰ ਰਾਤ ਤੱਕ ਫਲਾਈਟ 'ਚ ਤਲਾਸ਼ੀ ਮੁਹਿੰਮ ਚੱਲਦੀ ਰਹੀ। ਬਾਅਦ ਵਿੱਚ ਬੰਬ ਦੀ ਸੂਚਨਾ ਅਫਵਾਹ ਨਿਕਲੀ। CISF ਦੀ ਟੀਮ ਨੇ ਫਲਾਈਟ ਦੇ ਅੰਦਰ ਚੰਗੀ ਤਰ੍ਹਾਂ ਤਲਾਸ਼ੀ ਲਈ ਪਰ ਕੁਝ ਵੀ ਨਹੀਂ ਮਿਲਿਆ ਤੇ ਦੇਰ ਰਾਤ ਫਲਾਈਟ ਦੁਬਾਰਾ ਸਿੰਗਾਪੁਰ ਲਈ ਰਵਾਨਾ ਹੋ ਗਈ।
ਜ਼ਿਕਰਯੋਗ ਹੈ ਕਿ ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਉਡਾਣ ਵੀਰਵਾਰ ਸ਼ਾਮ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਅਤੇ ਤੁਰੰਤ ਹੀ ਸੀਆਈਐੱਸਐੱਫ ਦੀਆਂ ਟੀਮਾਂ ਨੇ ਘੇਰ ਲਿਆ। ਕਿਉਂਕਿ ਫਲਾਈਟ ਦੇ ਲੈਂਡ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਕਿਸੇ ਅਣਪਛਾਤੇ ਵਿਅਕਤੀ ਨੇ ਏਅਰਪੋਰਟ ਡਾਇਰੈਕਟਰ ਵੀਕੇ ਸੇਠ ਨੂੰ ਫੋਨ ਕਰਕੇ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ।