ਚੰਡੀਗੜ੍ਹ : ਪੰਜਾਬ ਸਰਕਾਰ ਅੱਜ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਭੁਗਤਾਨ ਦੇ ਬਦਲੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2000 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕਰੇਗੀ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਤੱਕ 828 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ। ਵਿਭਾਗ ਨੇ ਹੁਣ 2137 ਕਰੋੜ ਰੁਪਏ ਦੀ ਅਦਾਇਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਸ਼ਨਿੱਚਰਵਾਰ ਨੂੰ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਵੇਗੀ। ਮੰਡੀਆਂ ਵਿੱਚ ਆਉਣ ਵਾਲੇ ਸੁੱਕੇ ਅਨਾਜ ਦੀ ਮਾਤਰਾ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦੇ ਚੱਲ ਰਹੇ ਦੌਰਿਆਂ ਬਾਰੇ ਬੁਲਾਰੇ ਨੇ ਦੱਸਿਆ ਕਿ ਟੀਮਾਂ ਵੱਲੋਂ ਪਹਿਲਾਂ ਹੀ 17 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ। ਉਮੀਦ ਹੈ ਕਿ ਅੱਜ ਬਾਕੀ ਦੇ ਛੇ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਪਏ ਮੀਂਹ ਕਾਰਨ ਖਰੀਦ ਵਿੱਚ ਸੰਭਾਵਿਤ ਵਿਘਨ ਅਤੇ ਮੰਡੀਆਂ ਵਿੱਚ ਪਾਣੀ ਭਰਨ ਬਾਰੇ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਰਾਤ ਭਰ ਕੰਮ ਕੀਤਾ ਜਿਸ ਕਾਰਨ ਇੱਕ ਮਿੰਟ ਲਈ ਵੀ ਖ਼ਰੀਦ ਕਾਰਜਾਂ ਵਿੱਚ ਕੋਈ ਵਿਘਨ ਨਹੀਂ ਪਿਆ। ਬੁਲਾਰੇ ਨੇ ਦੱਸਿਆ ਕਿ ਸੂਬੇ 'ਚ ਕਣਕ ਦੀ ਆਮਦ ਆਪਣੇ ਸਿਖਰ ਉਤੇ ਹੈ ਤੇ ਸ਼ੁੱਕਰਵਾਰ ਨੂੰ ਇਕ ਦਿਨ 'ਚ 8.2 ਲੱਖ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ। ਹੁਣ ਤਕ ਮੰਡੀਆਂ 'ਚ 36 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਸੂਬੇ ਦੀਆਂ ਖ਼ਰੀਦ ਏਜੰਸੀਆਂ ਵੱਲੋਂ 33 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਸੂਬੇ ਭਰ ਵਿੱਚ ਅਣਵਿਕੀ ਕਣਕ ਦੀ ਕੁੱਲ ਮਾਤਰਾ ਸਿਰਫ਼ 3 ਲੱਖ ਟਨ ਹੈ, ਜੋ ਕਿ ਇੱਕ ਦਿਨ ਦੀ ਆਮਦ ਦਾ 40 ਫ਼ੀਸਦੀ ਹੈ। 60 ਫ਼ੀਸਦੀ ਤੋਂ ਵੱਧ ਦੀ ਆਮਦ ਵਾਲੇ ਦਿਨ ਹੀ ਖ਼ਰੀਦ ਕੀਤੀ ਜਾ ਰਹੀ ਹੈ। ਕੇਂਦਰ ਤੇ ਪੰਜਾਬ ਕਿਸਾਨਾਂ ਨੂੰ 400 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ: ਸਿੱਧੂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਸਾਲ ਤੇਜ਼ ਗਰਮੀ ਕਾਰਨ ਕਣਕ ਦੇ ਘੱਟ ਝਾੜ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ 400 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ। ਸਿੱਧੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਸੀ, ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿਉਂਕਿ ਇਸ ਸਾਲ ਗਰਮੀ ਕਾਰਨ ਉਤਪਾਦਨ 30-50 ਫੀਸਦੀ ਤੱਕ ਘੱਟ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਕਣਕ ਦੀਆਂ ਕੀਮਤਾਂ 3500 ਰੁਪਏ (ਪਿਛਲੇ ਸਾਲ ਨਾਲੋਂ 1500 ਰੁਪਏ ਵੱਧ) ਹਨ। ਸਿੱਧੂ ਨੇ ਲਿਖਿਆ ਕਿ ਵਿਚੋਲੇ ਅਤੇ ਸਰਕਾਰ ਨੂੰ ਸਾਰਾ ਮੁਨਾਫਾ ਗਰੀਬ ਕਿਸਾਨਾਂ ਦੇ ਨਾਂ 'ਤੇ ਨਹੀਂ ਰੱਖਣਾ ਚਾਹੀਦਾ। ਇਹ ਵੀ ਪੜ੍ਹੋ : ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ