ਇਰਾਨ ਮੂਲ ਦੀ ਖੋਜਾਰਥਣ ਡਾ. ਚਮਨਖਾਹ ਪੰਜਾਬੀ 'ਵਰਸਿਟੀ 'ਚ 'ਵਿਜ਼ਟਿੰਗ ਫ਼ੈਕਲਟੀ' ਵਜੋਂ ਦੇਣਗੇ ਸੇਵਾਵਾਂ
ਪਟਿਆਲਾ : ਇਰਾਨ ਮੂਲ ਦੀ ਖੋਜਾਰਥਣ ਡਾ. ਲਇਲਾ ਚਮਨਖਾਹ ਨੂੰ ਇਕ ਸਾਲ ਲਈ ਪੰਜਾਬੀ ਯੂਨੀਵਰਸਿਟੀ 'ਚ 'ਵਿਜ਼ਟਿੰਗ ਫ਼ੈਕਲਟੀ' ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ। ਉਹ ਪੰਜਾਬੀ 'ਵਰਸਿਟੀ ਦੇ ਉਰਦੂ, ਫ਼ਾਰਸੀ ਵਿਭਾਗ, ਰਾਜਨੀਤੀ ਸ਼ਾਸਤਰ ਵਿਭਾਗ ਤੇ ਭਾਸ਼ਾਵਾਂ ਨਾਲ ਸਬੰਧਤ ਵਿਭਾਗਾਂ 'ਚ ਅਧਿਆਪਨ ਤੇ ਖੋਜ ਦੇ ਕਾਰਜਾਂ 'ਚ ਸ਼ਮੂਲੀਅਤ ਕਰ ਕੇ ਯੋਗਦਾਨ ਪਾਵੇਗੀ। ਇਨ੍ਹਾਂ ਵਿਭਾਗਾਂ ਤੋਂ ਇਲਾਵਾ ਉਹ ਪੰਜਾਬੀ 'ਵਰਸਿਟੀ ਦੇ ਮਾਲੇਰਕੋਟਲਾ ਸਥਿਤ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ (ਪੰਜਾਬੀ ਯੂਨੀਵਰਸਿਟੀ) 'ਚ ਵੀ ਆਪਣੀਆਂ ਸੇਵਾਵਾਂ ਦੇਣ ਲਈ ਸਮੇਂ-ਸਮੇਂ 'ਤੇ ਉੱਥੋਂ ਦੀ ਯਾਤਰਾ ਕਰੇਗੀ। ਉਹ 1 ਅਪ੍ਰੈਲ 2022 ਤੋਂ 31 ਮਾਰਚ 2023 ਤਕ ਇੱਥੇ ਪੰਜਾਬੀ 'ਵਰਸਿਟੀ ਵਿੱਚ ਰਹੇਗੀ। ਪੰਜਾਬੀ 'ਵਰਸਿਟੀ ਪੁੱਜ ਚੁੱਕੀ ਡਾ. ਲਇਲਾ ਚਮਨਖਾਹ ਨੇ ਦੱਸਿਆ ਕਿ ਉਹ ਫ਼ਾਰਸੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਇੱਥੇ ਪੁੱਜੀ। ਆਪਣੇ ਇਸ ਮਕਸਦ ਲਈ ਉਹ ਸਬੰਧਤ ਵਿਭਾਗਾਂ ਵਿੱਚ ਫ਼ਾਰਸੀ ਭਾਸ਼ਾ ਅਤੇ ਸਾਹਿਤ ਨਾਲ ਜੁੜਿਆ ਅਧਿਆਪਨ ਤੇ ਖੋਜ ਦਾ ਕਾਰਜ ਕਰੇਗੀ। ਉਹ ਰਾਜਨੀਤੀ ਸ਼ਾਸਤਰ ਨਾਲ ਜੁੜੇ ਕੋਰਸਾਂ ਵਿੱਚ ਵੀ ਆਪਣੀਆਂ ਅਧਿਆਪਨ ਸੇਵਾਵਾਂ ਪ੍ਰਦਾਨ ਕਰੇਗੀ। ਜ਼ਿਕਰਯੋਗ ਹੈ ਕਿ ਉਸ ਕੋਲ਼ ਦੋ ਵੱਖ-ਵੱਖ ਵਿਸ਼ਿਆਂ ਵਿੱਚ ਪੀ-ਐੱਚਡੀ ਦੀ ਡਿਗਰੀ ਹੈ। ਉੁਸ ਨੇ 2006 ਦੌਰਾਨ ਇਰਾਨ ਦੀ ਤਰਬੀਅਤ ਮੌਡਾਰਵਸ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਦੇ ਵਿਸ਼ੇ ਵਿੱਚ ਪੀ-ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ ਹੈ ਅਤੇ ਇਸ ਉਪਰੰਤ 2017 ਦੌਰਾਨ ਯੂਕੇ ਦੀ ਯੂਨੀਵਰਸਿਟੀ ਆਫ਼ ਐਕਸਟਰਰ ਤੋਂ ਇਸਲਾਮਿਕ ਇੰਟਲੈਕਚੂਅਲ ਹਿਸਟਰੀ ਦੇ ਵਿਸ਼ੇ 'ਚ ਪੀ-ਐੱਚਡੀ ਦੀ ਡਿਗਰੀ ਪ੍ਰਰਾਪਤ ਕੀਤੀ ਹੈ।ਇਸਲਾਮਿਕ ਅਧਿਐਨ, ਸ਼ੀਆ ਇੰਟਲੈਕਚੁਅਲ ਹਿਸਟਰੀ, ਇਰਾਨੀ ਅਧਿਐਨ, ਮੱਧ-ਪੂਰਬੀ ਇਲਾਕਿਆਂ ਦੀ ਰਾਜਨੀਤੀ ਆਦਿ ਖੇਤਰ ਵਿੱਚ ਉਸ ਦੀ ਅਧਿਐਨ ਅਤੇ ਖੋਜ ਪੱਖੋਂ ਵਿਸ਼ੇਸ਼ ਦਿਲਚਸਪੀ ਹੈ। ਉਹ ਅੰਗਰੇਜ਼ੀ ਭਾਸ਼ਾ 'ਚ ਇਕ ਪੁਸਤਕ 'ਦਿ ਕਨਸੈਪਚੁਅਲਾਈਜ਼ੇਸ਼ਨ ਆਫ਼ ਗਾਰਡਨਸ਼ਿਪ ਇਨ ਦਿ ਇਰਾਨੀ ਇੰਟਲੈਕਚੁਅਲ ਹਿਸਟਰੀ (1800-1989) ਪ੍ਰਕਾਸ਼ਿਤ ਕਰਵਾ ਚੁੱਕੀ ਹੈ। ਪੰਜਾਬੀ ਯੂਨੀਵਰਸਿਟੀ ਵਿਚਲੇ ਬਾਬਾ ਫ਼ਰੀਦ ਸੂਫ਼ੀ ਸੈਂਟਰ ਦੇ ਡਾਇਰੈਕਟਰ ਡਾ. ਮੁਹੰਮਦ ਹਬੀਬ ਨੇ ਉਨ੍ਹਾਂ ਦੇ ਇਸ ਆਗਮਨ ਬਾਰੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਸੂਫ਼ੀ ਸੈਂਟਰ ਵੱਲੋਂ ਇਰਾਨ ਦੀ ਇੱਕ ਯੂਨੀਵਰਸਿਟੀ ਨਾਲ ਇਕਰਾਰਨਾਮਾ ਕੀਤਾ ਗਿਆ ਸੀ। ਭਾਵੇਂ ਡਾ. ਲਇਲਾ ਸਿੱਧੇ ਤੌਰ ਉੱਤੇ ਉਸ ਇਕਰਾਰਨਾਮੇ ਤਹਿਤ ਤਾਂ ਨਹੀਂ ਆਏ ਪਰ ਉਹ ਇਕਰਾਰਨਾਮਾ ਉਨ੍ਹਾਂ ਦੀ ਇਸ ਆਮਦ ਦਾ ਅਧਾਰ ਜ਼ਰੂਰ ਬਣਿਆ ਹੈ। ਮਲੇਟਕੋਟਲਾ ਸਥਿਤ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ (ਪੰਜਾਬੀ ਯੂਨੀਵਰਸਿਟੀ) ਤੋਂ ਪ੍ਰੋ. ਰੁਬੀਨਾ ਸ਼ਬਨਮ ਨੇ ਕਿਹਾ ਕਿ ਉਨ੍ਹਾਂ ਦੀ ਇਹ ਆਮਦ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਰਹੇਗੀ ਕਿਉਂਕਿ ਉਨ੍ਹਾਂ ਦੀ ਮਾਤ-ਭਾਸ਼ਾ ਫਾਰਸੀ ਹੋਣ ਕਾਰਨ ਉਹ ਫਾਰਸੀ ਭਾਸ਼ਾ ਨੂੰ ਬਿਹਤਰ ਤਰੀਕੇ ਨਾਲ ਪੜ੍ਹਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡਾ. ਲਇਲਾ ਅਰਬੀ ਭਾਸ਼ਾ ਦੇ ਵੀ ਵਿਦਵਾਨ ਹਨ ਇਸ ਲਈ ਅਰਬੀ ਭਾਸ਼ਾ ਨਾਲ ਸੰਬੰਧਤ ਕੋਰਸਾਂ ਵਿੱਚ ਵੀ ਉਨ੍ਹਾਂ ਦੀ ਇਸ ਮੁਹਾਰਤ ਦਾ ਲਾਭ ਮਿਲੇਗਾ। ਪੰਜਾਬੀ 'ਵਰਸਿਟੀ ਨਾਲ ਜੁੜਨ ਦੇ ਆਪਣੇ ਫ਼ੈਸਲੇ ਬਾਰੇ ਬੋਲਦਿਆਂ ਡਾ. ਲਇਲਾ ਨੇ ਦੱਸਿਆ ਕਿ ਉਹ ਇੱਥੋਂ ਬਹੁਤ ਸਾਰੇ ਮੌਕਿਆਂ ਅਤੇ ਸੰਭਾਵਨਾਵਾਂ ਨੂੰ ਵੇਖਦੀ ਹੈ। ਇੱਥੋਂ ਦੇ ਨੌਜਵਾਨ ਵਿਦਿਆਰਥੀ ਚਿਹਰੇ ਉਸ ਨੂੰ ਊਰਜਾ ਦਿੰਦੇ ਹਨ। ਵਾਈਸ ਚਾਂਸਲਰ ਪੋ੍. ਅਰਵਿੰਦ ਦੀ ਸ਼ਲਾਘਾ ਕਰਦਿਆਂ ਉਸ ਨੇ ਕਿਹਾ ਕਿ ਉਨਾਂ੍ਹ ਨਾਲ ਗੱਲਬਾਤ ਕਰ ਕੇ ਉਸ ਨੂੰ ਬਹੁਤ ਵਧੀਆ ਲੱਗਿਆ ਹੈ। ਉਸ ਨੇ ਕਿਹਾ ਕਿ ਪੋ੍. ਅਰਵਿੰਦ ਕੋਲ਼ ਯੂਨੀਵਰਸਿਟੀ ਨੂੰ ਤਰੱਕੀ ਦੇ ਰਾਹ ਉੱਤੇ ਤੋਰਨ ਹਿਤ ਇੱਕ ਚੰਗਾ ਨਜ਼ਰੀਆ ਹੈ। ਇਸ ਲਈ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਉਨਾਂ੍ਹ ਦੀ ਅਗਵਾਈ ਵਿੱਚ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ। ਇਹ ਵੀ ਪੜ੍ਹੋ : ਨਵੇਂ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦੀ ਪ੍ਰਵਾਨਗੀ ਲਈ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ ਲੋਕ ਨਿਰਮਾਣ ਮੰਤਰੀ ਪੰਜਾਬ