ਏਆਈਜੀ ਆਸ਼ੀਸ਼ ਕਪੂਰ ਖ਼ਿਲਾਫ਼ ਜਬਰ ਜਨਾਹ ਮਾਮਲੇ 'ਚ ਦੋਸ਼ ਰੱਦ ਕਰਨ ਲਈ ਰਿਪੋਰਟ ਦਾਇਰ

By  Jasmeet Singh August 27th 2022 07:07 PM -- Updated: August 27th 2022 09:45 PM

ਮੁਹਾਲੀ, ਅਗਸਤ 27: ਪੰਜਾਬ ਦੇ ਏਆਈਜੀ ਆਸ਼ੀਸ਼ ਕਪੂਰ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਸਬੂਤਾਂ ਦੀ ਘਾਟ ਕਾਰਨ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਦੋਸ਼ ਰੱਦ ਕਰਨ ਲਈ ਰਿਪੋਰਟ ਦਾਇਰ ਕੀਤੀ ਹੈ। ਸਿੱਟ ਨੂੰ ਪੰਜਾਬ ਦੇ ਏਆਈਜੀ ਆਸ਼ੀਸ਼ ਕਪੂਰ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ ਅਦਾਲਤ ਨੇ ਅਜੇ ਤੱਕ ਰਿਪੋਰਟ ਸਵੀਕਾਰ ਨਹੀਂ ਕੀਤੀ ਹੈ। ਕਪੂਰ 'ਤੇ 2016 ਤੋਂ 2018 ਦਰਮਿਆਨ ਪਟਿਆਲਾ 'ਚ ਇਕ ਔਰਤ ਨਾਲ ਜਬਰ ਜਨਾਹ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਤੇ ਉੱਚ-ਪੁਲਿਸ ਅਧਿਕਾਰੀ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਐਫ.ਆਈ.ਆਰ 'ਚ ਨਾਮਜ਼ਦ ਕੀਤਾ ਸੀ। ਇਹ ਐਫ.ਆਈ.ਆਰ ਪਹਿਲਾਂ ਕੁਝ ਜੇਲ੍ਹ ਅਧਿਕਾਰੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਸੀ ਅਤੇ ਏਆਈਜੀ ਕਪੂਰ ਨੂੰ ਵੀ ਅਪਰਾਧਿਕ ਕਾਰਵਾਈ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿਚ ਮੌਜੂਦਾ ਐਫ.ਆਈ.ਆਰ ਵਿੱਚ ਜਬਰ ਜਨਾਹ ਦਾ ਦੋਸ਼ ਜੋੜ ਦਿੱਤਾ ਗਿਆ। ਇਹ ਕਦਮ ਉਸ ਸਮੇਂ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ ਜੋ ਪਟਿਆਲਾ ਵਿੱਚ ਇੱਕ ਕੈਦੀ ਤੋਂ ਜਬਰੀ ਵਸੂਲੀ ਲਈ ਕੁਝ ਜੇਲ੍ਹ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੇ ਸਨ। ਸ਼ਿਕਾਇਤ ਵਿੱਚ ਔਰਤ ਨੇ ਦੋਸ਼ ਲਾਇਆ ਸੀ ਕਿ ਉਹ ਏਆਈਜੀ ਅਸ਼ੀਸ਼ ਕਪੂਰ ਦੇ ਸੰਪਰਕ ਵਿੱਚ ਉਦੋਂ ਆਈ ਸੀ ਜਦੋਂ ਉਹ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਜੇਲ੍ਹ ਸੁਪਰਡੈਂਟ ਸਨ। ਇਹ ਔਰਤ 2016 ਵਿੱਚ ਇਮੀਗ੍ਰੇਸ਼ਨ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਕੈਦ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਹ ਆਸ਼ੀਸ਼ ਕਪੂਰ ਨਾਲ ਸਬੰਧਾਂ ਵਿੱਚ ਸੀ ਅਤੇ ਕਪੂਰ ਨੇ ਕਈ ਵਾਰ ਜਿਸਮਾਨੀ ਤੌਰ 'ਤੇ ਉਸ ਦਾ ਫ਼ਾਇਦਾ ਚੱਕਿਆ। ਹਾਲਾਂਕਿ ਇੱਕ ਝਗੜੇ ਤੋਂ ਬਾਅਦ ਏਆਈਜੀ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਇੱਕ ਹੋਰ ਕੇਸ ਵਿੱਚ ਫਸਾਇਆ ਅਤੇ ਉਸਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਬੀਤੇ ਦਿਨੀਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਤੜਕੇ ਪੰਜ ਵਜੇ ਮੁਹਾਲੀ ਦੇ ਸੈਕਟਰ-88 ਸਥਿਤ ਏਆਈਜੀ ਕਪੂਰ ਦੀ ਰਿਹਾਇਸ਼ 'ਤੇ ਛਾਪਾ ਮਾਰਿਆ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਕਪੂਰ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰਨ ਪਹੁੰਚੀ ਸੀ। ਦੂਜੇ ਪਾਸੇ ਏਆਈਜੀ ਆਸ਼ੀਸ਼ ਕਪੂਰ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ, ਇਸ ਲਈ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।

ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ



-PTC News

Related Post