36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਚੰਨੀ ਦੇ ਦਾਅਵਿਆਂ ਦੀ ਮੁੜ ਖੁੱਲ੍ਹੀ ਪੋਲ !
ਚੰਡੀਗੜ੍ਹ: ਪੰਜਾਬ ਵਿੱਚ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁੱਦੇ ’ਤੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਰਾਜਪਾਲ ਬੀਐਲ ਪੁਰੋਹਿਤ ਆਹਮੋ-ਸਾਹਮਣੇ ਆ ਗਏ ਹਨ। ਇਸ ਦੇ ਨਾਲ ਹੀ 36 ਹਜ਼ਾਰ ਮੁਸਾਜ਼ਮਾਂ ਨੂੰ ਪੱਕਾ ਕਰਨ 'ਤੇ ਬ੍ਰੇਕ ਲੱਗ ਗਈ ਹੈ ਕਿਉਂਕਿ ਅਗਲੇ ਕੁਝ ਹੀ ਦਿਨਾਂ ਅੰਦਰ ਚੋਣ ਜ਼ਬਤਾ ਲੱਗਣ ਵਾਲਾ ਹੈ। ਉਧਰ, ਮੁਲਾਜ਼ਮਾਂ ਨੇ ਅੱਜ ਮੋਰਚਾ ਖੋਲ੍ਹਦਿਆਂ ਖੰਨਾ ਵਿੱਚ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ।
ਸੀਐਮ ਚੰਨੀ ਨੇ ਰਾਜਪਾਲ 'ਤੇ ਭਾਜਪਾ ਦੇ ਦਬਾਅ ਹੇਠ ਫਾਈਲ ਨੂੰ ਰੋਕਣ ਦਾ ਦੋਸ਼ ਲਗਾਇਆ, ਜਿਸ ਦੇ ਜਵਾਬ 'ਚ ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਇਸ 'ਚ ਦੱਸੀਆਂ ਖਾਮੀਆਂ ਨੂੰ ਠੀਕ ਨਹੀਂ ਕੀਤਾ। ਅੱਜ ਮੁੱਖ ਮੰਤਰੀ ਚੰਨੀ ਅਧਿਕਾਰੀਆਂ ਦੀ ਟੀਮ ਨਾਲ ਰਾਜਪਾਲ ਨੂੰ ਮਿਲਣ ਜਾ ਸਕਦੇ ਹਨ ਜਿਸ ਵਿੱਚ ਉਨ੍ਹਾਂ ਦੀਆਂ ਖਾਮੀਆਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ।
ਬੀਤੇ ਦਿਨੀ ਸੀਐੱਮ ਚੰਨੀ ਵੱਲੋਂ ਪ੍ਰੈੱਸ ਵਾਰਤਾ ਦੌਰਾਨ ਇਲਜ਼ਾਮ ਲਾਏ ਗਏ ਸੀ ਕਿ ਉਨ੍ਹਾਂ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ ਹੈ ਪਰ ਇਹ ਫਾਈਲ ਗਵਰਨਰ ਵੱਲੋਂ ਰੋਕੀ ਗਈ ਹੈ ਜਿਸ ਤੋਂ ਬਾਅਦ 2 ਵਾਰ ਮੁੱਖ ਸਕੱਤਰ ਵੀ ਗਵਰਨਰ ਕੋਲ ਜਾ ਆਏ ਹਨ ਪਰ ਫਿਰ ਵੀ ਫਾਈਲ ਪਾਸ ਨਹੀਂ ਕੀਤੀ ਗਈ ਜਿਸ ਤੋਂ ਸਪੱਸ਼ਟ ਹੈ ਕਿ ਰਾਜਨੀਤਕ ਦਬਾਅ ‘ਚ ਇਹ ਫਾਈਲ ਰੋਕੀ ਗਈ ਹੈ। ਦੂਜੇ ਪਾਸੇ ਰਾਜਪਾਲ ਬੀਐਲ ਪੁਰੋਹਿਤ ਨੇ ਕਿਹਾ ਕਿ ਸੀਐਮ ਚਰਨਜੀਤ ਚੰਨੀ ਦੀਆਂ ਗੱਲਾਂ ਅਸਲ ਵਿੱਚ ਗਲਤ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਫਾਈਲ 6 ਸਵਾਲਾਂ ਦੇ ਨਾਲ ਮੁੱਖ ਮੰਤਰੀ ਨੂੰ ਵਾਪਸ ਭੇਜ ਦਿੱਤੀ ਗਈ ਸੀ, ਜੋ ਕਿ 31 ਦਸੰਬਰ ਨੂੰ ਮੁੱਖ ਮੰਤਰੀ ਦਫ਼ਤਰ ਨੂੰ ਵੀ ਮਿਲ ਗਈ ਸੀ। ਜਿਸ ਦਾ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਮੁੱਖ ਮੰਤਰੀ ਨੂੰ ਪਹਿਲਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ, ਉਸ ਤੋਂ ਬਾਅਦ ਰਾਜਪਾਲ ਸਕੱਤਰੇਤ ਵਿੱਚ ਇਨ੍ਹਾਂ ਬਿੱਲਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ। -PTC News