ਚੰਡੀਗੜ੍ਹ, 5 ਅਕਤੂਬਰ: ਪੂਰੇ ਸ਼ਹਿਰ 'ਚ ਅੱਜ ਵੱਖ-ਵੱਖ ਥਾਵਾਂ 'ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਦੁਸਹਿਰੇ 'ਤੇ ਕਰੀਬ 24 ਵੱਖ-ਵੱਖ ਥਾਵਾਂ 'ਤੇ ਰਾਵਣ ਦਹਿਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਰਾਵਣ ਦਹਿਨ ਦਾ ਸਮਾਂ ਸ਼ਾਮ 5 ਵਜੇ ਤੋਂ ਬਾਅਦ ਹੀ ਤੈਅ ਕੀਤਾ ਗਿਆ ਹੈ ਕਿਉਂਕਿ ਮੁਹੂਰਤ ਅਨੁਸਾਰ ਲੰਕਾ ਦੇ ਰਾਜੇ ਨੂੰ ਸਾੜਿਆ ਜਾਵੇਗਾ।
ਇਸ ਦੌਰਾਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿਗੜ ਸਕਦੀ ਹੈ। ਅਜਿਹੇ 'ਚ ਟ੍ਰੈਫਿਕ ਜਾਮ ਅਤੇ ਪਾਰਕਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਲੋਕਾਂ ਦੇ ਹਿੱਤ 'ਚ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਸ਼ਹਿਰ ਦੀਆਂ ਕਿਹੜੀਆਂ ਸੜਕਾਂ ਕਿੰਨੀ ਦੇਰ ਤੱਕ ਵਿਅਸਤ ਰਹਿਣਗੀਆਂ ਅਤੇ ਤੁਹਾਨੂੰ ਬਿਨਾਂ ਕਾਰਨ ਉਥੋਂ ਲੰਘਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਬਾਵਜੂਦ ਟ੍ਰੈਫਿਕ ਪੁਲਿਸ ਵਿਭਾਗ ਨੇ ਲੋਕਾਂ ਨੂੰ ਹੋ ਰਹੀ ਅਸੁਵਿਧਾ 'ਤੇ ਅਫਸੋਸ ਪ੍ਰਗਟ ਕੀਤਾ ਹੈ।
ਹਰ ਸਾਲ ਦੀ ਤਰ੍ਹਾਂ ਸਿਟੀ ਬਿਊਟੀਫੁਲ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਰਾਵਣ ਦਹਿਨ ਦਾ ਆਯੋਜਨ ਕੀਤਾ ਗਿਆ ਹੈ। ਟ੍ਰੈਫਿਕ ਅਡਵਾਈਜ਼ਰੀ ਅਨੁਸਾਰ ਪਾਰਕਿੰਗ ਦੀ ਸਹੂਲਤ ਲਈ ਲੋਕ ਸੈਕਟਰ-22ਏ, ਸੈਕਟਰ-22ਬੀ ਦੀ ਪਾਰਕਿੰਗ, ਸੈਕਟਰ-17 ਫੁੱਟਬਾਲ ਗਰਾਊਂਡ ਨੇੜੇ, ਨੀਲਮ ਸਿਨੇਮਾ ਦੀ ਫਰੰਟ ਅਤੇ ਬੈਕ ਸਾਈਡ ਪਾਰਕਿੰਗ, ਆਈਐਸਬੀਟੀ ਸੈਕਟਰ-17 ਦੀ ਪਾਰਕਿੰਗ ਵਿੱਚ ਵਾਹਨ ਪਾਰਕ ਕਰ ਸਕਦੇ ਹਨ।
ਸੈਕਟਰ-17 ਆਈਐਸਬੀਟੀ ਚੌਂਕ ਤੋਂ ਟ੍ਰੈਫਿਕ ਨੂੰ ਉਦਯੋਗ ਮਾਰਗ 'ਤੇ ਮੋੜ ਦਿੱਤਾ ਜਾਵੇਗਾ। ਉਦਯੋਗ ਮਾਰਗ 'ਤੇ ਟ੍ਰੈਫਿਕ ਨੂੰ ਡਾਇਵਰਟ ਕਰਨ ਲਈ ਸੈਕਟਰ-17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ-18/19/20/21 ਚੌਂਕ ਅਤੇ ਕ੍ਰਿਕਟ ਸਟੇਡੀਅਮ ਚੌਂਕ ਤੋਂ ਸ਼ਾਮ 5.30 ਤੋਂ 6.30 ਵਜੇ ਤੱਕ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ। ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੈਕਟਰ-34 ਸਬਜ਼ੀ ਮੰਡੀ ਗਰਾਊਂਡ, ਸ਼ਾਮ ਮਾਲ ਪਾਰਕਿੰਗ, ਲਾਇਬ੍ਰੇਰੀ ਬਿਲਡਿੰਗ ਪਾਰਕਿੰਗ ਅਤੇ ਸੈਕਟਰ-34 ਕੰਪਲੈਕਸ ਦੀ ਪਾਰਕਿੰਗ ਵਿੱਚ ਆਪਣੇ ਵਾਹਨ ਪਾਰਕ ਕਰਨ।
ਇਹ ਵੀ ਪੜ੍ਹੋ: ਚੰਡੀਗੜ੍ਹ ਨੂੰ 'ਨੋ ਫਲਾਇੰਗ ਜ਼ੋਨ' ਐਲਾਨਿਆ, ਜਾਣੋ ਕਾਰਨ
ਸੈਕਟਰ-46 ਦੁਸਹਿਰਾ ਗਰਾਊਂਡ ਵਿਖੇ ਹੋਣ ਵਾਲੇ ਸ਼ਹਿਰ ਦੇ ਸਭ ਤੋਂ ਵੱਡੇ ਰਾਵਣ ਦਹਿਨ ਸਮਾਗਮ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਲਈ ਟ੍ਰੈਫਿਕ ਪੁਲਿਸ ਨੇ ਰੇਹੜੀ ਮਾਰਕੀਟ ਦੇ ਖੁੱਲ੍ਹੇ ਮੈਦਾਨ, ਸੈਕਟਰ-46 ਦੀ ਮਾਰਕੀਟ ਦੀ ਪਾਰਕਿੰਗ ਅਤੇ ਬੂਥ ਮਾਰਕੀਟ ਦੇ ਨਾਲ ਵਾਲੀ ਖਾਲੀ ਥਾਂ ਦੀ ਸਫਾਈ ਕਰਵਾਈ ਹੈ। ਸੈਕਟਰ-46 ਡੀ ਦੀ ਪਾਰਕਿੰਗ 'ਚ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੈਕਟਰ-45/46 ਲਾਈਟ ਪੁਆਇੰਟ ਤੋਂ ਸੜਕ ਸੈਕਟਰ-46 ਵੱਲ ਜਾਂਦੀ ਹੈ ਇਹ ਸੜਕ ਸ਼ਾਮ ਪੰਜ ਤੋਂ ਸੱਤ ਵਜੇ ਤੱਕ ਬੰਦ ਰਹੇਗੀ।
-PTC News