ਵੱਡੀ ਖ਼ਬਰ: ਰਾਜਪੁਰਾ ਪੁਲਿਸ ਨੇ ਸੁਲਝਾਇਆ ਅੰਮ੍ਰਿਤਸਰ ਘੰਟਾ ਘਰ ਪਲਾਜ਼ਾ 'ਚ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ

By  Jasmeet Singh August 12th 2022 05:35 PM -- Updated: August 12th 2022 06:06 PM

ਰਾਜਪੁਰਾ, 12 ਅਗਸਤ: ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਦੇ ਬਾਹਰ ਸਥਿਤ ਘੰਟਾ ਘਰ ਪਲਾਜ਼ਾ 'ਚੋਂ ਬੀਤੇ ਦਿਨ ਇਕ ਬੱਚੀ ਦੀ ਲਾਸ਼ ਮਿਲੀ ਸੀ, ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਜਾਇਜ਼ ਸਬੰਧਾਂ ਦੇ ਚਲਦਿਆਂ ਉਸਦੀ ਮਾਂ ਵੱਲੋਂ ਹੀ ਬੱਚੀ ਨੂੰ ਕਥਿਤ ਤੌਰ 'ਤੇ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਦੱਸ ਦੇਈਏ ਕਿ ਬੱਚੀ ਦੀ ਪਛਾਣ ਦੀਪਜੋਤ ਸਪੁੱਤਰੀ ਕੁਲਵਿੰਦਰ ਸਿੰਘ ਵਾਸੀ ਯਮੁਨਾਨਗਰ ਵਜੋਂ ਹੋਈ ਹੈ। ਸੀਸੀਟੀਵੀ 'ਚ ਨਜ਼ਰ ਆ ਰਹੀ ਔਰਤ ਦਾ ਨਾਂਅ ਮਨਿੰਦਰ ਕੌਰ ਦੱਸਿਆ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਘੰਟਾ ਘਰ ਗੇਟ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੱਥ ਧੋਣ ਵਾਲੀਆਂ ਟੂਟੀਆਂ ਵਾਲੇ ਪਾਸੇ ਛੇ ਤੋਂ ਸੱਤ ਸਾਲ ਦੀ ਸੁੰਦਰ ਬੱਚੀ ਮਿਲੀ ਸੀ, ਜਿਸ ਦੇ ਸਰੀਰ 'ਤੇ ਨੀਲੇ ਧੱਬੇ ਪਏ ਹੋਏ ਸਨ। ਇਸ ਬੱਚੀ ਦੇ ਮਿਲਣ ਉਪਰੰਤ ਸਥਾਨਕ ਪੁਲਿਸ ਚੋਂਕੀ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖੀ ਗਈ ਹੈ। ਸੀਸੀਟੀਵੀ ਤਸਵੀਰਾਂ 'ਚ ਜਿਹੜੀ ਔਰਤ ਬੱਚੀ ਦੀ ਲਾਸ਼ ਚੁੱਕ ਪਲਾਜ਼ਾ 'ਚ ਘੁੰਮਦੀ ਨਜ਼ਰ ਆ ਰਹੀ ਸੀ ਉਹ ਹੋਰ ਕੋਈ ਨਹੀਂ ਸਗੋਂ ਬੱਚੀ ਦੀ ਮਾਂ ਨਿਕਲੀ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਕਤ ਔਰਤ ਰਾਜਪੁਰਾ ਦੇ ਥਾਣੇ ਪਹੁੰਚ ਗਈ ਅਤੇ ਪੁਲਿਸ ਕਰਮੀਆਂ ਨੂੰ ਆਪਣੀ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣੀ ਚਾਹੀ, ਪੁਲਿਸ ਨੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸਦੀ ਬੱਚੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਹਰ ਤੋਂ ਗੁੰਮ ਹੋਈ ਹੈ।


ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਜੇ ਬੱਚੀ ਅੰਮ੍ਰਿਤਸਰ ਲਾਪਤਾ ਹੋਈ ਹੈ ਤਾਂ ਰਾਜਪੁਰਾ ਆਕੇ ਸ਼ਕਾਇਤ ਦਰਜ ਕਰਵਾਉਣ ਦਾ ਕੀ ਅਰਥ? ਉਨ੍ਹਾਂ ਮਹਿਲਾ 'ਤੇ ਪੁੱਛਗਿੱਛ ਦੌਰਾਨ ਥੋੜ੍ਹਾ ਜ਼ੋਰ ਪਾਇਆ ਤਾਂ ਉਹ ਸਾਰਾ ਕੁਝ ਸੱਚ ਸੱਚ ਬੋਲ ਪਈ। ਜਿਸਤੋਂ ਬਾਅਦ ਰਾਜਪੁਰਾ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੂੰ ਜਾਣਕਾਰੀ ਦਿੱਤੀ 'ਤੇ ਹੁਣ ਅੰਮ੍ਰਿਤਸਰ ਦੀ ਪੁਲਿਸ ਟੀਮ ਮਹਿਲਾ ਦੀ ਗ੍ਰਿਫ਼ਤਾਰੀ ਲਈ ਰਾਜਪੁਰਾ ਲਈ ਰਵਾਨਾ ਹੋ ਚੁੱਕੀ ਹੈ।


ਲਾਸ਼ ਨੂੰ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਲਿਆਉਣ ਵਾਲੀ ਔਰਤ ਦੀਆਂ ਤਸਵੀਰਾਂ ਮਿਲਣ ਨਾਲ ਸਾਫ ਜ਼ਾਹਿਰ ਹੋ ਗਿਆ ਸੀ ਕਿ ਬੱਚੀ ਨੂੰ ਮ੍ਰਿਤਕ ਹਾਲਤ 'ਚ ਤਸਵੀਰਾਂ ਵਾਲੀ ਔਰਤ ਹੀ ਛੱਡ ਕੇ ਗਈ ਸੀ। ਸ਼੍ਰੋਮਣੀ ਕਮੇਟੀ ਤੇ ਪੁਲਿਸ ਚੋਂਕੀ ਗਲਿਆਰਾ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ, ਜਿਸ ਵਿੱਚ ਇਕ ਔਰਤ ਬੱਚੀ ਨੂੰ ਫੜੀ ਜਾ ਰਹੀ ਸੀ ਤੇ ਉਸ ਨਾਲ ਇਕ ਛੋਟਾ ਲੜਕਾ ਵੀ ਸੀ ਜਿਸ ਦੇ ਹੱਥ ਵਿੱਚ ਇਕ ਹੈਂਡਬੈਗ ਤੇ ਟਰਾਲੀ ਬੈਗ ਸੀ। ਸੀਸੀਟੀਵੀ 'ਚ ਨਜ਼ਰ ਆ ਰਿਹਾ ਬੱਚਾ ਮ੍ਰਿਤਿਕ ਲੜਕੀ ਦਾ ਭਰਾ ਦੱਸਿਆ ਜਾ ਰਿਹਾ ਹੈ।


-PTC News

Related Post