ਰਾਜਪੁਰਾ ਆਈਟੀ ਪਾਰਕ ਬੇਨਿਯਮੀਆਂ ; ਕਮੇਟੀ ਵੱਲੋਂ ਜਾਂਚ ਸ਼ੁਰੂ
ਰਾਜਪੁਰਾ : ਰਾਜਪੁਰਾ ਆਈਟੀ ਪਾਰਕ ਲਈ 1104 ਏਕੜ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਦਿਨ-ਬ-ਦਿਨ ਭਖਦਾ ਜਾ ਰਿਹਾ ਹੈ। ਰਾਜਪੁਰਾ ਆਈਟੀ ਪਾਰਕ ਲਈ 1104 ਏਕੜ ਜ਼ਮੀਨ ਭੂਮੀ ਗ੍ਰਹਿਣ ਕਰਨ ਦੇ ਮਾਮਲੇ ਤੇ ਭੂਮੀ ਗ੍ਰਹਿਣ ਦੀ ਜਿਹੜੀ ਰਾਸ਼ੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਾਪਤ ਹੋਈ ਸੀ ਅਤੇ ਉਸ ਰਾਸ਼ੀ ਤੋਂ ਕੀਤੇ ਵਿਕਾਸ ਕਾਰਜਾਂ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਗਠਿਤ ਕਮੇਟੀ ਵੱਲੋਂ ਘਨੌਰ ਦੇ 5 ਪਿੰਡਾਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਨੌਰ ਹਲਕੇ ਦੇ ਪੰਜੇ ਪਿੰਡਾਂ ਵਿੱਚ ਵੱਖ-ਵੱਖ ਟੀਮਾਂ ਵੱਲੋਂ ਨਵੀਂਆਂ ਬਣੀਆਂ ਸੜਕਾਂ ਦੀ ਪੈਮਾਇਸ਼ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਦੀ ਜਾਂਚ ਲਈ ਸੈਂਪਲ ਵੀ ਲਏ ਗਏ ਹਨ। ਇਸ ਜਾਂਚ ਕਮੇਟੀ ਨੇ ਮੀਡੀਆ ਨਾਲ ਗੱਲ ਤਾਂ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਮਾਮਲਾ ਉਜਾਗਰ ਹੋਣ ਤੋਂ ਬਾਅਦ ਪੰਜ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਕਈ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਇਹ ਵੇਖਿਆ ਗਿਆ ਕਿ ਸੇਹਰਾ ਪਿੰਡ ਵਿੱਚ ਜਿੱਥੇ ਪੈਮਾਇਸ਼ ਚੱਲ ਰਹੀ ਸੀ ਉੱਥੇ ਨਜ਼ਦੀਕ ਹੀ ਸਾਬਕਾ ਵਿਧਾਇਕ ਜਸਵੀਰ ਚੰਦ ਤੇ ਸ਼ੰਭੂ ਕਲਾਂ ਵਿੱਚ ਤਾਇਨਾਤ ਇੰਜੀਨੀਅਰ ਧਰਮਿੰਦਰ ਜਿੰਦਲ (ਜੋ ਕਿ ਅੱਜ ਕੱਲ੍ਹ ਇਸੇ ਕੇਸ ਦੇ ਸਬੰਧ ਵਿੱਚ ਮੁਅੱਤਲ ਹਨ) ਦੀ ਮੌਜੂਦਗੀ ਵੀ ਵੱਡੇ ਪ੍ਰਸ਼ਨ ਖੜ੍ਹੇ ਕਰਦੀ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਬੀਤੇ ਦਿਨ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਕੋਲ ਆ ਕੇ ਇਨਸਾਫ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਕਾਲੀ ਦਲ ਇਸ ਘਪਲੇ ਖ਼ਿਲਾਫ਼ ਮੋਰਚਾ ਖੋਲ੍ਹੇਗਾ ਤੇ ਸਿਆਸੀ ਸ਼ਹਿ ਉਤੇ ਹੋਏ ਘਪਲੇ ਨੂੰ ਨਸ਼ਰ ਕੀਤਾ ਜਾਵੇਗਾ। ਰਿਪੋਰਟ : ਗਗਨਦੀਪ ਆਹੂਜਾ ਇਹ ਵੀ ਪੜ੍ਹੋ : 'ਆਪ' ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ