ਕੋਲੇ ਦੀ ਸਪਲਾਈ ਲਈ ਰੇਲਵੇ ਦਾ ਵੱਡਾ ਫੈਸਲਾ, 1100 ਟਰੇਨਾਂ ਹੋਣਗੀਆਂ ਰੱਦ, ਜਾਣੋ ਪੂਰਾ ਮਾਮਲਾ

By  Pardeep Singh May 5th 2022 04:12 PM

ਨਵੀਂ ਦਿੱਲੀ: ਦੇਸ਼ 'ਚ ਕੋਲਾ ਸੰਕਟ ਕਾਰਨ ਰੇਲਵੇ ਨੇ ਅਗਲੇ 20 ਦਿਨਾਂ ਲਈ ਘੱਟੋ-ਘੱਟ 1100 ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਯਾਤਰੀਆਂ ਸਮੇਤ ਵਪਾਰੀ ਵਰਗ ਵੀ ਪਰੇਸ਼ਾਨੀ ਦਾ ਸਾਹਮਣਾ ਕਰੇਗਾ। ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਉਤਪਾਦਨ ਪਲਾਂਟ ਕੋਲੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਨਾਲ ਨਜਿੱਠਣ ਅਤੇ ਕੋਲੇ ਦੀ ਸਪਲਾਈ ਕਰਨ ਲਈ ਰੇਲਵੇ 15 ਫੀਸਦੀ ਵਾਧੂ ਕੋਲੇ ਦੀ ਢੋਆ-ਢੁਆਈ ਕਰ ਰਿਹਾ ਹੈ। ਇਸ ਸਬੰਧ 'ਚ ਰੇਲਵੇ ਨੇ ਅਗਲੇ 20 ਦਿਨਾਂ ਲਈ ਕਰੀਬ 1100 ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਮੇਲ ਐਕਸਪ੍ਰੈਸ ਅਤੇ ਪੈਸੇਂਜਰ ਟਰੇਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐਕਸਪ੍ਰੈੱਸ ਟਰੇਨਾਂ ਦੇ 500 ਗੇੜੇ, ਜਦੋਂ ਕਿ ਪੈਸੰਜਰ ਟਰੇਨਾਂ ਦੇ 580 ਟਰਿੱਪ ਰੱਦ ਕੀਤੇ ਗਏ ਹਨ। ਰੇਲਵੇ ਮੁਤਾਬਕ ਇਹ ਟਰੇਨਾਂ ਇਸ ਲਈ ਰੱਦ ਕੀਤੀਆਂ ਗਈਆਂ ਹਨ ਤਾਂ ਜੋ ਥਰਮਲ ਪਾਵਰ ਪਲਾਂਟ ਨੂੰ ਕੋਲੇ ਨਾਲ ਭਰੀਆਂ ਮਾਲ ਗੱਡੀਆਂ ਨੂੰ ਆਸਾਨੀ ਨਾਲ ਰਸਤਾ ਦਿੱਤਾ ਜਾ ਸਕੇ, ਤਾਂ ਜੋ ਕੋਲਾ ਸਮੇਂ ਸਿਰ ਪਹੁੰਚ ਸਕੇ। ਰੇਲਵੇ ਨੇ ਅਗਲੇ ਇੱਕ ਮਹੀਨੇ ਲਈ 670 ਯਾਤਰੀ ਟਰੇਨਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਤਾਂ ਜੋ ਕੋਲਾ ਲੈ ਕੇ ਜਾਣ ਵਾਲੀਆਂ ਮਾਲ ਗੱਡੀਆਂ ਦੀ ਬਾਰੰਬਾਰਤਾ ਵਧਾਈ ਜਾ ਸਕੇ। ਇਸ ਕਾਰਨ ਕੋਲਾ ਉਤਪਾਦਕ ਰਾਜਾਂ ਛੱਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼ ਅਤੇ ਝਾਰਖੰਡ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਹੋ ਰਹੀ ਹੈ ਭਾਰੀ ਦਿੱਕਤ। ਸਰਕਾਰ ਨੇ 657 ਟਰੇਨਾਂ ਕੀਤੀਆਂ ਰੱਦ ਜ਼ਿਕਰਯੋਗ ਹੈ। ਕਿ ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਝਾਰਖੰਡ, ਛੱਤੀਸਗੜ੍ਹ, ਉੜੀਸਾ ਸਮੇਤ ਕਈ ਰਾਜਾਂ ਵਿੱਚ ਕੋਲਾ ਸੰਕਟ ਕਾਰਨ ਬਿਜਲੀ ਦੀ ਸਮੱਸਿਆ ਪੈਦਾ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਕਈ ਮੀਟਿੰਗਾਂ ਕੀਤੀਆਂ। ਕਈ ਰਾਜਾਂ ਵਿੱਚ ਬਿਜਲੀ ਦੇ ਕੱਟ ਵੀ ਲੱਗੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਇਸ ਸਾਲ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਕਾਰਨ ਅਪ੍ਰੈਲ ਮਹੀਨੇ ਤੋਂ ਹੀ ਬਿਜਲੀ ਦੀ ਮੰਗ ਬਹੁਤ ਵਧ ਗਈ ਹੈ। ਬਿਜਲੀ ਦੀ ਮੰਗ ਵਧਣ ਨਾਲ ਕੋਲੇ ਦੀ ਖਪਤ ਵੀ ਵਧੀ ਹੈ। ਇਹੀ ਕਾਰਨ ਹੈ ਕਿ ਹੁਣ ਪਾਵਰ ਪਲਾਂਟਾਂ ਕੋਲ ਕੁਝ ਹੀ ਦਿਨਾਂ ਦਾ ਕੋਲਾ ਬਚਿਆ ਹੈ, ਜਿਸ ਕਾਰਨ ਦੇਸ਼ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਇਸ ਸਥਿਤੀ ਤੋਂ ਬਚਣ ਲਈ ਰੇਲਵੇ ਨੇ ਆਪਣੀ ਤਰਫੋਂ ਪੂਰਾ ਸਹਿਯੋਗ ਦੇਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿੱਚ ਕੋਲੇ ਦੀ ਢੋਆ-ਢੁਆਈ ਦਾ ਜ਼ਿਆਦਾਤਰ ਕੰਮ ਰੇਲਵੇ ਦੁਆਰਾ ਕੀਤਾ ਜਾਂਦਾ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵੀਕੇ ਤ੍ਰਿਪਾਠੀ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ ਤੋਂ ਕੋਲੇ ਦੀ ਮੰਗ ਅਤੇ ਖਪਤ 'ਚ 20 ਫੀਸਦੀ ਦਾ ਵਾਧਾ ਹੋਇਆ ਹੈ। ਅਪ੍ਰੈਲ 2022 ਦੇ ਮਹੀਨੇ ਵਿੱਚ, ਅਸੀਂ ਅਪ੍ਰੈਲ 2021 ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਕੋਲੇ ਦੀ ਢੋਆ-ਢੁਆਈ ਕੀਤੀ ਹੈ। ਕੋਲੇ ਦੀ ਮੰਗ ਅਤੇ ਖਪਤ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਧੀ ਹੈ, ਇਸ ਲਈ ਅਸੀਂ ਕੋਲੇ ਦੀ ਜ਼ਿਆਦਾ ਮਾਤਰਾ ਵਿੱਚ ਢੋਆ-ਢੁਆਈ ਕਰ ਰਹੇ ਹਾਂ। ਅਸੀਂ ਮੇਲ ਅਤੇ ਐਕਸਪ੍ਰੈਸ ਰੇਲਗੱਡੀਆਂ ਦੇ ਮੁਕਾਬਲੇ ਵਾਧੂ ਕੋਲੇ ਦੇ ਰੇਕ ਅਤੇ ਉੱਚ ਤਰਜੀਹ 'ਤੇ ਚਲਾ ਰਹੇ ਹਾਂ। ਇਸ ਮੁੱਦੇ 'ਤੇ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਵੀ ਮੰਨਿਆ ਸੀ ਕਿ ਕਈ ਸੂਬਿਆਂ 'ਚ ਕੋਲੇ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਯੁੱਧ ਕਾਰਨ ਕੋਲੇ ਦੀ ਦਰਾਮਦ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਕੋਲਾ ਕੰਪਨੀਆਂ ਦੇ ਬਕਾਏ ਦੀ ਅਦਾਇਗੀ ਨਾ ਹੋਣ ਅਤੇ ਝਾਰਖੰਡ ਵਿੱਚ ਹੜਤਾਲ ਕਾਰਨ ਕੋਲਾ ਸੰਕਟ ਪੈਦਾ ਹੋ ਗਿਆ ਹੈ। ਇਹ ਵੀ ਪੜ੍ਹੋ:ਦਹਿਸ਼ਤਗਰਦਾਂ ਤੋਂ ਬਰਾਮਦ ਧਮਾਕਾਖੇਜ਼ ਸਮੱਗਰੀ ਦੀ ਸੁਰੱਖਿਆ ਏਜੰਸੀ ਵੱਲੋਂ ਜਾਂਚ ਜਾਰੀ: ਅਨਿਲ ਵਿਜ -PTC News

Related Post