ਮੁੜ ਖੁੱਲ੍ਹਾ ਰਹਿ ਗਿਆ ਜੋੜਾ ਫਾਟਕ, ਟਲਿਆ ਵੱਡਾ ਹਾਦਸਾ; 2018 'ਚ ਗਈ ਸੀ 59 ਲੋਕਾਂ ਦੀ ਜਾਨ

By  Jasmeet Singh August 11th 2022 12:33 PM

ਸ੍ਰੀ ਅੰਮ੍ਰਤਿਸਰ ਸਾਹਿਬ: ਅੰਮ੍ਰਿਤਸਰ ਦਾ ਜੋੜਾ ਫਾਟਕ ਰੇਲਵੇ ਟਰੈਕ ਉਸ ਵੇਲੇ ਚਰਚਾ ਵਿੱਚ ਆਇਆ ਸੀ ਜਦੋਂ 19 ਅਕਤੂਬਰ 2018 ਨੂੰ ਦਸਹਿਰੇ ਦੇ ਤਿਉਹਾਰ ਦੀ ਰਾਤ ਨੂੰ ਦੋਨਾਂ ਲਾਈਨਾਂ 'ਤੇ ਅਚਾਨਕ ਰੇਲ ਗੱਡੀਆਂ ਆਉਣ ਨਾਲ 59 ਲੋਕਾਂ ਦੀ ਮੌਤ ਹੋ ਗਈ ਸੀ ਅਤੇ 150 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਇਹ ਵਾਕਿਆ ਇੱਕ ਵਾਰ ਫਿਰ ਤੋਂ ਬੁੱਧਵਾਰ ਦੇਰ ਸ਼ਾਮ ਨੂੰ ਦੁਹਰਾਇਆ ਗਿਆ ਜਦੋਂ ਮੁੜ ਤੋਂ ਜੋੜਾ ਫਾਟਕ ਖੁੱਲ੍ਹਾ ਰਿਹਾ ਅਤੇ ਰੇਲ ਗੱਡੀਆਂ ਦੋਵੇਂ ਲਾਈਨਾਂ 'ਤੇ ਪਹੁੰਚ ਗਈਆਂ। ਗ਼ਨੀਮਤ ਰਹੀ ਕਿ ਭੀੜ ਦੇਖ ਕੇ ਦੋਵਾਂ ਟਰੇਨਾਂ ਦੇ ਡਰਾਈਵਰਾਂ ਨੇ ਗੱਡੀਆਂ ਦੀ ਰਫ਼ਤਾਰ ਘੱਟ ਕਰ ਦਿੱਤੀ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਸਿਲ ਜਾਣਕਾਰੀ ਮੁਤਾਬਕ ਦੇਰ ਸ਼ਾਮ ਜੌੜਾ ਫਾਟਕ ਰੇਲ ਲਾਈਨਾਂ ’ਤੇ ਜਾਮ ਲੱਗ ਗਿਆ ਅਤੇ ਰੇਲ ਲਾਈਨਾਂ ਦੇ ਦੋਵੇਂ ਪਾਸੇ ਟ੍ਰੈਫਿਕ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ 'ਤੇ ਟਾਟਾ ਮੂਰੀ ਅਤੇ ਅੰਮ੍ਰਿਤਸਰ-ਦਿੱਲੀ ਟ੍ਰੈਕ 'ਤੇ ਗੋਲਡਨ ਟੈਂਪਲ ਟਰੇਨ ਆ ਗਈ। ਦੋਵੇਂ ਰੇਲਵੇ ਲਾਈਨਾਂ 'ਤੇ ਟ੍ਰੈਫਿਕ ਜਾਮ ਦੇਖ ਟਰੇਨਾਂ ਦੇ ਡਰਾਈਵਰਾਂ ਨੇ ਰਫ਼ਤਾਰ ਹੌਲੀ ਕਰ ਦਿੱਤੀ ਅਤੇ ਇਸ ਤਰ੍ਹਾਂ ਵੱਡਾ ਹਾਦਸਾ ਟਲ ਗਿਆ। ਪਰ ਹੁਣ ਇਸ ਘਟਨਾ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਪ੍ਰਸ਼ਾਸਨ ਦੀ ਕੜੇ ਸ਼ਬਦਾਂ 'ਚ ਨਿੰਦਿਆ ਕਰ ਰਹੇ ਹਨ। -PTC News

Related Post