ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2022: ਸਾਬਕਾ ਚੈਂਪੀਅਨ ਪੀਵੀ ਸਿੰਧੂ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਦੌਰਾਨ ਸੱਟ ਲੱਗਣ ਤੋਂ ਬਾਅਦ 21 ਅਗਸਤ ਤੋਂ ਸ਼ੁਰੂ ਹੋਣ ਵਾਲੀ BWF ਵਿਸ਼ਵ ਚੈਂਪੀਅਨਸ਼ਿਪ 2022 ਲਈ ਟੋਕੀਓ ਨਹੀਂ ਜਾਵੇਗੀ।
ਸਿੰਧੂ ਨੇ ਇਹ ਪੁਸ਼ਟੀ ਕਰਨ ਲਈ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਦੌਰਾਨ ਉਸ ਦੇ ਖੱਬੇ ਪੈਰ 'ਚ ਫ੍ਰੈਕਚਰ ਹੋਇਆ ਸੀ ਅਤੇ ਉਹ ਜਾਪਾਨ ਦੀ ਰਾਜਧਾਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਤੋਂ ਪਿੱਛੇ ਹਟ ਗਈ ਹੈ।
ਪੀਵੀ ਸਿੰਧੂ ਨੂੰ ਕੈਨੇਡਾ ਦੀ ਮਿਸ਼ੇਲ ਲੀ ਦੇ ਖਿਲਾਫ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਸਿੰਗਲਜ਼ ਦੇ ਫਾਈਨਲ ਦੌਰਾਨ ਆਪਣੀ ਖੱਬੀ ਲੱਤ 'ਤੇ ਟੇਪ ਲਾ ਕੇ ਖੇਡਦੇ ਦੇਖਿਆ ਗਿਆ ਸੀ। ਸਿੰਧੂ ਨੇ ਦਰਦ ਨਾਲ ਜੂਝਦੇ ਹੋਏ ਸੋਨ ਤਗਮਾ ਮੁਕਾਬਲਾ 21-15, 21-13 ਨਾਲ ਜਿੱਤ ਲਿਆ ਸੀ।
ਸਿੰਧੂ ਨੇ ਬਰਮਿੰਘਮ ਤੋਂ ਵਾਪਸੀ ਤੋਂ ਬਾਅਦ ਆਪਣੇ ਬਿਆਨ 'ਚ ਖੁਲਾਸਾ ਕੀਤਾ ਕਿ ਉਸ ਨੇ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਮਹਿਲਾ ਸਿੰਗਲਜ਼ ਦਾ ਫਾਈਨਲ ਪੀੜ ਹੋਣ ਦੇ ਬਾਵਜੂਦ ਪੂਰਾ ਕੀਤਾ।
ਸਿੰਧੂ ਨੇ ਕਿਹਾ, ''ਰਾਸ਼ਟਰਮੰਡਲ ਖੇਡਾਂ ਦੇ ਕੁਆਰਟਰ ਫਾਈਨਲ 'ਚ ਮੈਂ ਪੀੜ 'ਚ ਸੀ ਅਤੇ ਸੱਟ ਲੱਗਣ ਦਾ ਡਰ ਸੀ ਪਰ ਆਪਣੇ ਕੋਚ, ਫਿਜ਼ੀਓ ਅਤੇ ਟ੍ਰੇਨਰ ਦੀ ਮਦਦ ਨਾਲ ਮੈਂ ਜਿੱਥੋਂ ਤੱਕ ਹੋ ਸਕਦਾ ਸੀ ਅੱਗੇ ਵਧਣ ਦਾ ਫੈਸਲਾ ਕੀਤਾ।
ਉਸਨੇ ਅੱਗੇ ਕਿਹਾ, "ਫਾਇਨਲ ਦੇ ਦੌਰਾਨ ਅਤੇ ਬਾਅਦ ਵਿੱਚ ਪੀੜ ਅਸਹਿ ਸੀ। ਇਸ ਲਈ ਮੈਂ ਹੈਦਰਾਬਾਦ ਵਾਪਸ ਆਉਂਦਿਆਂ ਹੀ ਐਮਆਰਆਈ ਸਕੈਨ ਲਈ ਕਾਹਲੀ ਕੀਤੀ। ਡਾਕਟਰਾਂ ਨੇ ਮੇਰੇ ਖੱਬੇ ਪੈਰ ਵਿੱਚ ਸਟਰੈਸ ਫ੍ਰੈਕਚਰ ਦੀ ਪੁਸ਼ਟੀ ਕੀਤੀ ਅਤੇ ਕੁਝ ਹਫ਼ਤਿਆਂ ਲਈ ਬੈੱਡ ਰੈਸਟ ਦੀ ਸਿਫਾਰਸ਼ ਕੀਤੀ। ਕੁਝ ਹਫ਼ਤਿਆਂ ਵਿੱਚ ਸਿਖਲਾਈ ਲਈ ਵਾਪਸ ਆ ਜਾਣਾ ਚਾਹੁੰਦੀ ਹਾਂ।"
ਸਿੰਧੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸਫਲਤਾ ਤੋਂ ਪਹਿਲਾਂ ਸਿੰਗਾਪੁਰ ਓਪਨ ਵੀ ਜਿੱਤਿਆ ਸੀ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਭ ਤੋਂ ਸਫਲ ਭਾਰਤੀ ਸ਼ਟਲਰਜ਼ ਵਿੱਚੋਂ ਇੱਕ ਹੈ, ਜਿਸ ਨੇ ਪ੍ਰੀਮੀਅਰ ਟੂਰਨਾਮੈਂਟ ਵਿੱਚ ਇੱਕ ਸੋਨ, 2 ਚਾਂਦੀ ਦੇ ਤਗਮੇ ਅਤੇ 2 ਕਾਂਸੀ ਦੇ ਤਗਮੇ ਜਿੱਤੇ ਹਨ।
-PTC News