ਪੰਜਾਬ ਦੀ ਡਾਕੂਮੈਂਟਰੀ ਨੂੰ ਮਿਲਿਆ ‘ਬੈਸਟ ਇਨਵੈਸਟੀਗੇਟਿਵ ਫਿਲਮ’ ਐਵਾਰਡ
ਨਵੀਂ ਦਿੱਲੀ: ਭਾਰਤ ਸਰਕਾਰ ਦੇ ਅਦਾਰੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦਿੱਲੀ ਦੇ ਵਿਗਿਆਨ ਭਵਨ ਵਿਚ ਦਿੱਤੇ ਗਏ। ਪੁਣਛ ਖੇਤਰ ਵਿੱਚ ਪਹਿਲੀ ਜੰਗ ਦੇ ਨਾਇਕ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ’ਤੇ ਆਧਾਰਿਤ ਪੰਜਾਬ ਦੀ ਡਾਕੂਮੈਂਟਰੀ 'ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ' ਨੂੰ ਮਿਲਿਆ ‘ਬੈਸਟ ਇਨਵੈਸਟੀਗੇਟਿਵ ਫਿਲਮ’ ਐਵਾਰਡ ਨਾਲ ਸਨਮਾਨਿਆ ਗਿਆ। ਡਾਕੂ-ਡਰਾਮਾ 'ਦਿ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ' ਨੂੰ ਡਾ. ਪਰਮਜੀਤ ਸਿੰਘ ਕੱਟੂ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਚੰਡੀਗੜ੍ਹ ਦੇ ਕਰਨਵੀਰ ਸਿੰਘ ਨਿਰਮਾਤਾ ਹਨ।ਇਹ 80 ਮਿੰਟ ਦਾ ਦਸਤਾਵੇਜ਼ੀ ਡਰਾਮਾ ਉਸ ਸਮੇਂ ਦੇ ਕਰਨਲ ਪ੍ਰੀਤਮ ਸਿੰਘ ਦੀ ਅਗਵਾਈ ਵਾਲੀ ਭਾਰਤੀ ਫੌਜ ਦੀ ਬਹਾਦਰੀ ਨੂੰ ਦਰਸਾਉਂਦਾ ਹੈ, ਜਿਸ ਨੇ ਪਹਿਲੀ ਪੈਰਾ ਕੁਮਾਉਂ ਰੈਜੀਮੈਂਟ ਦੀ ਕਮਾਂਡ ਕੀਤੀ ਸੀ ਅਤੇ ਪੰਛ ਖਿੱਤੇ ਵਿਚ ਸਰਹੱਦ ਪਾਰ ਦੇ ਹਮਲਾਵਰਾਂ ਤੋਂ 600 ਮੀਲ ਤੱਕ ਦੇ ਖੇਤਰ ਨੂੰ ਆਜ਼ਾਦ ਕਰਵਾਇਆ ਅਤੇ 55,000 ਤੋਂ ਵੱਧ ਸ਼ਰਨਾਰਥੀਆਂ ਦੀਆਂ ਜਾਨਾਂ ਬਚਾਈਆਂ। ਦੂਜੇ ਵਿਸ਼ਵ ਯੁੱਧ ਵਿਚ ਸਿੰਘਾਪੁਰ ਦੇ ਮੋਰਚੇ ’ਤੇ ਲੜ ਰਹੇ ਸਨ ਪਰ ਜੰਗ ਦੌਰਾਨ ਦੁਸ਼ਮਣ ਦੇ ਕੈਂਪ ਵਿਚ ਫੜੇ ਗਏ। 4 ਮਈ 1942 ਨੂੰ ਆਪਣੇ ਦੋ ਸਾਥੀਆਂ ਕੈਪਟਨ ਬਲਵੀਰ ਸਿੰਘ ਤੇ ਕੈਪਟਨ ਜੀ.ਆਰ. ਪ੍ਰਭ ਨਾਲ ਉਥੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋਏ। ਲਗਭਗ ਛੇ ਮਹੀਨਿਆਂ ਦਾ ਇਹ ਸਫ਼ਰ ਬਹੁਤ ਹੀ ਬਿਖੜਾ ਤੇ ਮੁਸ਼ਕਿਲਾਂ ਭਰਿਆ ਸੀ। ਮਲਾਇਆ, ਥਾਈਲੈਂਡ ਤੇ ਬਰਮਾ ਦੇ ਜੰਗਲਾਂ, ਪਹਾੜਾਂ, ਨਦੀਆਂ ਦਾ ਸਫ਼ਰ ਤੈਅ ਕਰਦਿਆਂ ਛੇ ਮਹੀਨਿਆਂ ਬਾਅਦ ਆਖ਼ਰ ਭਾਰਤ ਪਹੁੰਚ ਗਏ। ਇਸ ਹੌਸਲੇ ਤੇ ਦਲੇਰਾਨਾ ਕਾਰਜ ਲਈ ਪ੍ਰੀਤਮ ਸਿੰਘ ਨੂੰ ਵੱਕਾਰੀ ਮੈਡਲ ‘ਮਲਿਟਰੀ ਕਰਾਸ’ ਨਾਲ ਸਨਮਾਨਿਆ ਗਿਆ। ਕਰਨਵੀਰ ਸਿੰਘ ਸਿਬੀਆ ਦਾ ਕਹਿਣਾ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਪਹਿਲੀ ਭਾਰਤੀ ਜੰਗ ਦੇ ਅਣਗੌਲੇ, ਬਹੁਤ ਘੱਟ ਜਾਣੇ-ਪਛਾਣੇ ਨਾਇਕ ਹਨ, ਜੋ ਪੁੰਛ ਦੇ ਅਸਲੀ ਰਖਵਾਲੇ ਹਨ। ਉਨ੍ਹਾਂ ਦੀ ਕਹਾਣੀ ਸਾਡੀ ਪੀੜ੍ਹੀ ਅਤੇ ਭਵਿੱਖ ਨਾਲ ਸਾਂਝੀ ਕਰਨ ਦੀ ਲੋੜ ਹੈ। ਕੌਮ ਪ੍ਰਤੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ, ਅਕਾਲ ਤਖ਼ਤ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨੇ 11 ਅਪ੍ਰੈਲ 2022 ਨੂੰ ਸਿੱਖ ਅਜਾਇਬ ਘਰ ਵਿੱਚ ਚਿੱਤਰ ਲਗਾਇਆ ਗਿਆ। ਡਾ.ਪਰਮਜੀਤ ਸਿੰਘ ਕੱਟੂ ਨੇ ਕਿਹਾ ਇਹ ਐਵਾਰਡ ਮਿਲਣਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਵੱਡੀ ਸ਼ਰਧਾਂਜਲੀ ਹੈ। ਡਾ. ਪਰਮਜੀਤ ਅਨੁਸਾਰ ਦੇਸ਼ ਅਤੇ ਸੱਭਿਆਚਾਰ ਨੂੰ ਸਮਰਪਿਤ ਅਜਿਹੇ ਨਾਇਕਾਂ ਨੂੰ ਸਾਹਮਣੇ ਲਿਆਉਣਾ ਸਾਡਾ ਉਦੇਸ਼ ਅਤੇ ਲੋੜ ਹੈ। ਅਸੀਂ ਦੇਸ਼ ਅਤੇ ਸਮਾਜ ਨੂੰ ਸਕਾਰਾਤਮਕ ਅਗਵਾਈ ਦੇਣਾ ਚਾਹੁੰਦੇ ਹਾਂ ਜਿਸ ਵਿੱਚ ਫਿਲਮਾਂ ਬਹੁਤ ਮਦਦਗਾਰ ਹੁੰਦੀਆਂ ਹਨ। ਇਸ ਫ਼ਿਲਮ ਵਿੱਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਭੂਮਿਕਾ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰ ਧਨਵੀਰ ਸਿੰਘ ਨੇ ਨਿਭਾਈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਜੰਮਪਲ ਨੌਜਵਾਨ ਫ਼ਿਲਮ ਲੇਖਕ ਤੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਨੇ ਪੰਜਾਬੀ ਦੀ ਪੀਐੱਚਡੀ ਦੀ ਡਿਗਰੀ ਕੀਤੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਚਾਰ ਲਘੂ ਫ਼ਿਲਮਾਂ ਦਾ ਲੇਖਣ ਤੇ ਨਿਰਦੇਸ਼ਨ ਕਰ ਚੁੱਕਾ ਹੈ ਤੇ ਉਸ ਦੀਆਂ ਫ਼ਿਲਮਾਂ ਦੀ ਖਾਸੀਅਤ ਹੁੰਦੀ ਹੈ ਕਿ ਉਹ ਦੁਨੀਆਂ ਭਰ ਦੇ ਨਾਮਵਰ ਫਿਲਮ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਅਤੇ ਜੇਤੂ ਰਹਿੰਦੀਆਂ ਹਨ। ਮਿਸਾਲ ਵਜੋਂ ਨੈਸ਼ਨਲ ਐਵਾਰਡ ਜੇਤੂ ਡਾਕੂਮੈਂਟਰੀ ਫਿਲਮ "ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ" ਨੂੰ ਵੀ ਇਸ ਤੋਂ ਪਹਿਲਾਂ ਪੰਦਰਾਂ ਤੋਂ ਵਧੇਰੇ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹਨ। ਜਿਨ੍ਹਾਂ ਵਿਚ ਲਾਸ ਏਂਜਲਸ ਫਿਲਮ ਐਵਾਰਡ, 12ਵਾਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ, ਨਵੀਂ ਦਿੱਲੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸਮੇਤ ਰੋਮ ਸਵੀਡਨ ਇਟਲੀ ਲੰਡਨ ਆਦਿ ਥਾਵਾਂ ਦੇ ਅੰਤਰਰਾਸ਼ਟਰੀ ਫ਼ਿਲਮ ਮੇਲਿਆਂ ਵਿੱਚ ਵੀ ਜੇਤੂ ਰਹੀ ਹੈ। ਇਹ ਵੀ ਪੜ੍ਹੋ:ਪੰਜਾਬੀ ਗਾਇਕ ਅਲਫਾਜ਼ 'ਤੇ ਹੋਏ ਹਮਲੇ ਦੀ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਨਿੰਦਾ -PTC News