ਵਿਵਾਦਾਂ ‘ਚ ਘਿਰੀ ਪੰਜਾਬੀ ਗਾਇਕਾ ਜਸਵਿੰਦਰ ਬਰਾੜ, ਹੋ ਸਕਦੀ ਹੈ ਕਾਨੂੰਨੀ ਕਾਰਵਾਈ

By  Jasmeet Singh August 26th 2022 03:05 PM -- Updated: August 26th 2022 03:11 PM

ਮਨੋਰੰਜਨ ਜਗਤ, 26 ਅਗਸਤ: ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਇਨ੍ਹਾਂ ਇੰਡਸਟਰੀਆਂ 'ਚ ਕੰਮ ਕਰਦੀਆਂ ਮਸ਼ਹੂਰ ਹਸਤੀਆਂ ਨਾ ਜਾਣੇ-ਅਜਾਣੇ ਵਿਵਾਦਾਂ 'ਚ ਘਿਰ ਹੀ ਜਾਂਦੀਆਂ। ਇਸ ਕੜੀ ਵਿਚ ਨਵਾਂ ਮਾਮਲਾ ਸਾਹਮਣੇ ਆ ਰਿਹਾ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨਾਲ ਜੁੜਿਆ ਹੋਇਆ। ਜਾਣਕਾਰੀ ਮੁਤਾਬਕ ਜਸਵਿੰਦਰ ਬਰਾੜ ਵੱਲੋਂ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ 'ਦਸ਼ਰਥ' ਬਾਰੇ ਭੱਦੀ ਅਤੇ ਮਨਘੜਤ ਸ਼ਬਦਾਵਲੀ ਵਰਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਦਾ ਭਗਵਾਨ ਵਾਲਮੀਕੀ ਵੀਰ ਸੈਨਾ, ਵਿਸ਼ਵ ਹਿੰਦੂ ਪਰੀਸ਼ਦ, ਭਗਵਾਨ ਵਾਲਮੀਕੀ ਸ਼ਕਤੀ ਦਲ ਅਤੇ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਜਿਸਦੇ ਰੋਸ ਵਜੋਂ ਅੱਜ ਉਕਤ ਜਥੇਬੰਦੀਆਂ ਦਾ ਇੱਕ ਵਫ਼ਦ ਅੰਮ੍ਰਿਤਸਰ ਦੇ ਡੀਸੀਪੀ (ਲਾਅ ਐਂਡ ਆਰਡਰ) ਨੂੰ ਮਿਲਿਆ ਅਤੇ ਉਕਤ ਗਾਇਕਾ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਸੌਂਪਿਆ। ਇੱਕ ਸਾਂਝੀ ਪ੍ਰੈੱਸ ਵਾਰਤਾ ਦੌਰਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਵੱਲੋਂ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ 'ਦਸ਼ਰਥ ਜੀ' ਬਾਰੇ ਬਹੁਤ ਭੱਦੀ ਅਤੇ ਮਨਘੜਤ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਗਾਇਕਾ ਦਾ ਬਿਆਨ ਭਗਵਾਨ ਵਾਲਮੀਕੀ 'ਰਮਾਇਣ' ਦੇ ਉਲਟ ਹੈ ਅਤੇ ਪਵਿੱਤਰ ਗ੍ਰੰਥ ਦਾ ਅਪਮਾਨ ਹੈ। ਉਨ੍ਹਾਂ ਦਾ ਕਹਿਣਾ ਕਿ ਗਾਇਕਾ ਦੇ ਬਿਆਨ ਮਗਰੋਂ ਪੂਰੇ ਵਿਸ਼ਵ ਵਿੱਚ ਵੱਸਦੇ ਸਨਾਤਨ ਧਰਮ ਅਤੇ 'ਰਮਾਇਣ' 'ਚ ਆਸਥਾ ਰੱਖਣ ਵਾਲਿਆਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਭਾਈਚਾਰੇ 'ਚ ਗੁੱਸੇ ਦੀ ਲਹਿਰ ਫੈਲ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਅੱਗੇ ਉਨ੍ਹਾਂ ਕਿਹਾ ਕਿ ਉਹ ਆਪਣੇ ਪਾਵਨ ਗ੍ਰੰਥ 'ਰਮਾਇਣ' ਅਤੇ 'ਮਹਾਂਪੁਰਖਾਂ' ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਗਾਇਕਾ ਜਸਵਿੰਦਰ ਬਰਾੜ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਿਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈਣਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। -PTC News

Related Post