ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਖੇਡ ਸੁਵਿਧਾਵਾਂ ਦਾ ਕੀਤਾ ਉਦਘਾਟਨ
ਪਟਿਆਲਾ : ਜ਼ਿਲ੍ਹੇ ’ਚ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਨਵੇਂ ਹੋਸਟਲ ਬਲਾਕ ਦਾ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਐਨਆਈਐਸ ਪਟਿਆਲਾ ਖਿਡਾਰੀਆਂ ਅਤੇ ਕੋਚਾਂ ਦਾ ਕੇਂਦਰ ਬਣ ਗਿਆ ਹੈ। ਖੇਡਾਂ ਦੇ ਖੇਤਰ ਵਿੱਚ ਇਸ ਸੰਸਥਾ ਦਾ ਅਹਿਮ ਸਥਾਨ ਹੈ।
ਉਨ੍ਹਾਂ ਅੱਗੇ ਕਿਹਾ ਕਿ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਜਿਸ ਨਾਲ ਕੋਚਾਂ ਨੂੰ ਕੁਝ ਨਵਾਂ ਸਿੱਖਣ ਵਿੱਚ ਮਦਦ ਮਿਲੇਗੀ। ਸਾਲ 2024 ਚ ਆਉਣ ਵਾਲੀਆਂ ਪੈਰਿਸ ਓਲੰਪਿਕ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿਸ਼ਨ ਓਲੰਪਿਕ ਕਮੇਟੀ ਦੀ ਰਣਨੀਤੀ ਬਣਾਉਣ ਲਈ ਹਰ ਮਹੀਨੇ ਮੀਟਿੰਗ ਹੁੰਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਸਾਲਾਨਾ ਸਿਖਲਾਈ ਕੈਲੰਡਰ ਦੇ ਤਹਿਤ, ਅਸੀਂ ਖਿਡਾਰੀਆਂ ਦੀ ਸਿਖਲਾਈ ਲਈ ਵੱਖ-ਵੱਖ ਖੇਡ ਫੈਡਰੇਸ਼ਨਾਂ ਨੂੰ 300 ਕਰੋੜ ਰੁਪਏ ਦੇ ਰਹੇ ਹਨ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪਟਿਆਲਾ ਵਿੱਚ ਵੱਖ ਵੱਖ ਖੇਡ ਸੁਵਿਧਾਵਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ’ਚ 26.80 ਕਰੋੜ ਰੁਪਏ ਦੀ ਲਾਗਤ ਨਾਲ ਮੈਨਸ ਹੋਸਟਲ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹੀ ਪੀਟੀ ਉਸ਼ਾ ਹੋਸਟਲ ਨੂੰ ਹੋਰ ਸੁਵਿਧਾਵਾਂ ਨਾਲ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਨੇ ਇੱਕ ਖੇਡ ਪ੍ਰਦਰਸ਼ਨ ਵਿਸ਼ਲੇਸ਼ਣ ਕੋਰਸ ਦਾ ਉਦਘਾਟਨ ਵੀ ਕੀਤਾ, ਜੋ ਕਿ ਐੱਨਐੱਸਐੱਨਆਈਐੱਸ ਪਟਿਆਲਾ ਵਿਖੇ ਅਕਾਦਮਿਕ ਕੋਰਸਾਂ ਵਿੱਚ ਪਹਿਲੀ ਵਾਰ ਜੋੜਿਆ ਗਿਆ ਹੈ। ਇਸ ਕੋਰਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸੇ ਐਥਲੀਟ ਦੀ ਅਸਲ ਸਮਰੱਥਾ ਦਾ ਮੁਲਾਂਕਣ ਕਰਨ ਲਈ ਖੇਡ ਵਿਗਿਆਨ ਅਤੇ ਖੇਡ ਪ੍ਰਦਰਸ਼ਨ ਵਿਸ਼ਲੇਸ਼ਣ ਨੂੰ ਸ਼ਾਮਲ ਕਰਨਾ ਬਹੁਤ ਮਹੱਤਵਪੂਰਨ ਹੈ, ਜੋ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੇ ਸਮੁੱਚੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ ਲੰਬਾ ਰਾਹ ਜਾ ਸਕਦਾ ਹੈ।
ਆਪਣੇ ਦੌਰੇ ਦੌਰਾਨ ਮੰਤਰੀਆਂ ਨੇ 400 ਤੋਂ ਵੱਧ ਐਥਲੀਟਾਂ ਅਤੇ ਸਿਖਿਆਰਥੀਆਂ/ਟ੍ਰੇਨੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਰਹਿਣ ਅਤੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐਥਲੀਟਾਂ ਤੋਂ ਕੇਂਦਰ ਵਿੱਚ ਉਨ੍ਹਾਂ ਨੂੰ ਉਪਲਬਧ ਸੁਵਿਧਾਵਾਂ ਅਤੇ ਮੌਜੂਦਾ ਸੈਟਅਪ ਵਿੱਚ ਜੋ ਸੁਧਾਰ ਚਾਹੁੰਦੇ ਹਨ, ਬਾਰੇ ਜਾਣਕਾਰੀ ਮੰਗੀ।
-ਰਿਪੋਰਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ
ਇਹ ਵੀ ਪੜੋ: ਅੱਜ ਵੀ ਜਾਰੀ ਰਹੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਆਮ ਲੋਕ ਖੱਜਲ ਖੁਆਰ