ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਦੋ ਸਾਲਾਂ ਬੱਚੇ ਦੀ ਮੌਤ, ਲਾਪਰਵਾਹੀ ਦੇ ਲੱਗੇ ਇਲਜ਼ਾਮ

By  Pardeep Singh January 30th 2023 07:22 PM

ਗੁਰਦਾਸਪੁਰ: ਗੁਰਦਾਸਪੁਰ ਰੇਲਵੇ ਰੋਡ  'ਤੇ ਸਥਿਤ ਇੱਕ ਬੱਚਿਆ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਇੱਕ ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਬੱਚੇ ਦੀ ਮੌਤ ਹਸਪਤਾਲ ਵੱਲੋਂ ਰੱਖੇ ਗਏ ਅਣਟ੍ਰੇਂਡ ਸਟਾਫ਼ ਦੀ ਲਾਪਰਵਾਹੀ ਕਾਰਨ ਹੋਈ ਹੈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਬੱਚਾ ਇਕ ਦਮ ਠੀਕ-ਠਾਕ ਸੀ ਅਤੇ ਉਸ ਨੇ ਮੌਤ ਤੋਂ ਕੁਝ ਟਾਈਮ ਪਹਿਲਾਂ ਆਰਾਮ ਨਾਲ ਰੋਟੀ ਵੀ ਖਾਧੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਨਰਸ ਉਸ ਦੇ ਅੱਧਾ ਟੀਕਾ ਲਗਾਇਆ ਹੀ ਸੀ ਕਿ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

 ਬੱਚੇ ਦੇ ਪਰਿਵਾਰਕ ਮੈਂਬਰਾਂ ਦਾਦੀ ਪਲਵਿੰਦਰ ਕੌਰ ਅਤੇ ਤਾਏ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿੰਡ ਰਾਮਨਗਰ ਭੂਣ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਹੈ ਕਿ  ਆਪਣੇ ਦੋ ਸਾਲ ਦੇ ਬੱਚੇ ਪਵਨਜੋਤ ਪੁੱਤਰ ਵਿਕਰਮਜੀਤ ਸਿੰਘ ਨੂੰ ਬੁੱਧਵਾਰ ਸਵੇਰੇ ਛਾਤੀ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਹੋਣ ਤੇ ਅਗਰਵਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਇਸ ਦੌਰਾਨ ਬੱਚਾ ਲਗਭਗ ਠੀਕ ਹੋ ਗਿਆ ਸੀ ਅਤੇ ਉਹ ਡਾਕਟਰ ਨੂੰ ਛੁੱਟੀ ਦੇਣ ਲਈ ਕਹਿ ਰਹੇ ਸਨ ਪਰ ਡਾਕਟਰ ਦੇ ਕਹਿਣ ਤੇ ਇੱਕ ਦਿਨ ਹੋਰ ਰੁਕ ਗਏ। ਉਨ੍ਹਾਂ ਦੱਸਿਆ ਹੈ  ਕਿ  ਦੁਪਹਿਰ ਬੱਚੇ ਨੇ ਰੋਟੀ ਖਾਧੀ ਅਤੇ ਉਸ ਤੋਂ ਬਾਅਦ ਚੰਗਾ ਭਲਾ ਖੇਡ ਰਿਹਾ ਸੀ ਪਰ ਇੱਕ ਨਰਸ ਉਸ ਨੂੰ ਲੱਗੀ ਡਰਿਪ ਵਿੱਚ ਜਦੋਂ ਇੰਜੈਕਸ਼ਨ ਲਗਾਉਣ ਆਈ ਤਾਂ ਅੱਧਾ ਇੰਜੈਕਸ਼ਨ ਵੀ ਨਹੀਂ ਸੀ ਲੱਗਿਆ ਕਿ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਨਰਸ ਅੱਧਾ ਇੰਜੈਕਸ਼ਨ ਲਗਾ ਕੇ ਹੀ ਬਾਹਰ ਭੱਜ ਗਈ। ਉਨ੍ਹਾਂ ਕਿਹਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਡਾਕਟਰ ਇਕ ਵਾਰ ਵੀ ਬੱਚੇ ਨੂੰ ਦੇਖਣ ਨਹੀਂ ਆਇਆ। 

ਅਗਰਵਾਲ ਹਸਪਤਾਲ ਦੇ ਮਾਲਕ ਡਾਕਟਰ ਅਮਿੱਤ ਅਗਰਵਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਾ ਛਾਤੀ ਦੀ ਇਨਫੈਕਸ਼ਨ ਦੇ ਚਲਦਿਆਂ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਟੈਸਟ ਕਰਨ ਤੋਂ ਬਾਅਦ ਬੱਚੇ ਨੂੰ ਨਿਮੋਨੀਆ ਵੀ ਪਾਇਆ ਗਿਆ ਸੀ।ਇਲਾਜ ਤੋਂ ਬਾਅਦ ਬੱਚਾ ਠੀਕ ਹੋਣ ਲੱਗ ਪਿਆ ਸੀ ਇਸ ਲਈ ਉਸ ਨੂੰ ਆਈਸੀਯੂ ਵਿਚੋਂ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਅਚਾਨਕ ਅੱਜ ਉਸ ਦਾ ਸਾਹ ਰੁਕਣਾ ਸ਼ੁਰੂ ਹੋ ਗਿਆ ਅਤੇ ਉਸ ਦਾ ਹਾਰਟ ਫੇਲ ਹੋ ਗਿਆ। ਉਨ੍ਹਾਂ ਨੇ ਪਰਿਵਾਰ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਿਕਾਰਿਆ ਹੈ।

ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬੱਚੇ ਦੇ ਇਲਾਜ ਨਾਲ ਸਬੰਧਿਤ ਫਾਈਲਾਂ ਕਬਜੇ ਵਿੱਚ ਲੈ ਲਈਆਂ ਗਈਆਂ ਹਨ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ਉੱਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post