ਕੌਂਸਲਰਾਂ ਨਾਲ ਧੱਕੇਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ 'ਆਪ' ਦੀ ਕੀਤੀ ਨਿਖੇਧੀ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮੰਤਰੀ ਅਨਮੋਲ ਗਗਨ ਮਾਨ ਦੇ ਆਖਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨਾਲ ਧੱਕੇਸ਼ਾਹੀ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਮਾਨ ਦਾ ਮਕਸਦ ਖਰੜ ਮਿਉਂਸਪਲ ਕੌਂਸਲ ’ਤੇ ਕਬਜ਼ਾ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੇ ਕੌਂਸਲਰਾਂ ਨਾਲ ਧੱਕੇਸ਼ਾਹੀ ਕਰਨ ਵਾਸਤੇ ਹਰ ਤਰੀਕਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੂੰ ਝੂਠੇ ਦੋਸ਼ਾਂ ਤਹਿਤ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀ ਤੇ ਉਹਨਾਂ ਦੀ ਸਮੁੱਚੀ ਟੀਮ ਤੇ ਪਰਿਵਾਰ ਇਹ ਸਾਰੇ ਗੈਰਕਾਨੂੰਨੀ ਕੰਮ ਇਸ ਕਾਰਨ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਕਾਲੀ ਦਲ ਤੋਂ ਕਬਜ਼ਾ ਖੋਹਣ ਲਈ ਪੇਸ਼ ਵਿਸਾਹੀ ਮਤਾ 21 ਜਨਵਰੀ ਨੂੰ ਫੇਲ੍ਹ ਹੋ ਜਾਵੇਗਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਤੰਤਰ ਮੁਤਾਬਕ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚਾਅ ਨਾਲ ਇਹ ਆਖਦੀ ਸੀ ਕਿ ਉਹ ਲੋਕਾਂ ਦੀ ਆਵਾਜ਼ ਦੇ ਰਾਹ ਵਿਚ ਅੜਿਕਾ ਨਹੀਂ ਬਣੇਗੀ।
ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਫਿਰ ਮੁੱਖ ਮੰਤਰੀ ਨੂੰ ਮੁਹਾਲੀ ਪ੍ਰਸ਼ਾਸਨ ਨੁੰ ਸਖ਼ਤ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਖਰੜ ਕੌਂਸਲ ਦੇ ਲੋਕਤੰਤਰੀ ਕੰਮਕਾਜ ਦੇ ਰਾਹ ਵਿਚ ਅੜਿਕਾ ਨਾ ਬਣੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨੂੰ ਵੀ ਅਕਾਲੀ ਕੌਂਸਲਰਾਂ ਨੂੰ ਆਪ ਦੀ ਹਮਾਇਤ ਕਰਨ ਲਈ ਮਜਬੂਰ ਕਰਨ ਤੋਂ ਵਰਜਿਆ ਜਾਵੇ।