ਰਾਈਪੇਰੀਅਨ ਸਿਧਾਂਤਾਂ ਦੇ ਖਿਲਾਫ ਪਾਣੀ ਦੀ ਇਕ ਬੂੰਦ ਵੀ ਨਹੀਂ ਲੈਣ ਦਿਆਂਗੇ : ਸੁਖਬੀਰ ਸਿੰਘ ਬਾਦਲ

By  Pardeep Singh January 4th 2023 08:33 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 'ਆਪ' ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਇਸਦੇ ਰਾਈਪੇਰੀਅਨ ਆਧਾਰਿਤ ਹੱਕ ਨੂੰ ਤਬਾਹ ਕਰਨ ਦੀ  ਸਾਜ਼ਿਸ਼ ਰਚਣ ਨੁੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਭਗਵੰਤ ਮਾਨ ਦਰਿਆਵਾਂ ਨੂੰ ਜੋੜ ਕੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਕੰਟਰੋਲ ਕੇਂਦਰ ਹੱਥ ਦੇਣ ਦੀ ਸਾਜ਼ਿਸ਼ ਰਚ ਰਹੇ ਹਨ।  

ਉਨ੍ਹਾਂ ਨੇ ਕਿਹਾ ਕਿ ਯਮੁਨਾ ਨੂੰ ਸਤਲੁਜ ਨਾਲ ਜੋੜਨ ਦਾ ਸਾਰਾ ਵਿਚਾਰ ਹੀ ਪੰਜਾਬ ਦੇ ਦਾਅਵੇ ਦੇ ਸੰਵਿਧਾਨਕ ਅਧਿਕਾਰ ਨੂੰ ਖ਼ਤਮ ਕਰਨ ਦੀ ਪੁਰਾਣੀ ਸਾਜ਼ਿਸ਼ ਹੈ ਤੇ ਇਸ ਸਾਜ਼ਿਸ਼ ਦਾ ਅਕਾਲੀ ਦਲ ਨੇ ਹਮੇਸ਼ਾ ਵਿਰੋਧ ਕਰ ਕੇ ਇਸਨੂੰ ਅਸਫਲ ਬਣਾਇਆ ਹੈ। ਉਹਨਾਂ ਕਿਹਾ ਕਿ ਦਰਿਆਵਾਂ ਨੂੰ ਜੋੜਨ ਦਾ ਮਕਸਦ ਸਤਲੁਜ ਦਾ ਪਾਣੀ ਹਰਿਆਣਾ ਤੱਕ ਲਿਜਾਣਾ ਹੈ ਤੇ ਪਾਣੀ ਦੀ ਸਾਂਝ ਤਾਂ ਇਕ ਬਹਾਨਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਵਿਚਾਰ ਹੀ ਮੂਰਖਤਾ ਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰਿਆਣਾ ਨੇ ਸਾਂਝੇ ਪਾਣੀਆਂ ਵਿਚੋਂ ਹੀ ਯਮੁਨਾ ਦਾ ਪਾਣੀ ਵਰਤਣਾ ਹੈ ਤਾਂ ਫਿਰ ਉਸਨੂੰ ਇਹੀ ਆਖਿਆ ਜਾਣਾ ਚਾਹੀਦਾ ਹੈ ਕਿ ਉਹ ਹੁਣ ਜਿਵੇਂ ਯਮੁਨਾ ਦਾ ਪਾਣੀ ਵਰਤ ਰਿਹਾ ਹੈ, ਉਸੇ ਤਰੀਕੇ ਵਰਤਦਾ ਰਹੇ। ਉਨ੍ਹਾਂ ਨੇ ਕਿਹਾ ਕਿ ਦਰਿਆਵਾਂ ਨੂੰ ਜੋੜਨ ਦੇ ਪਿੱਛੇ ਮਕਸਦ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣਾ ਹੈ।

ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਸਾਜ਼ਿਸ਼ ਦਾ ਡਟਵਾਂ ਵਿਰੋਧ ਕਰੇਗਾ ਅਤੇ ਪੰਜਾਬ ਦਾ ਇਕ ਬੂੰਦ ਪਾਣੀ ਵੀ ਸਥਾਪਿਤ ਰਾਈਪੇਰੀਅਨ ਸਿਧਾਂਤਾਂ ਦੇ ਉਲਟ ਜਾ ਕੇ ਸਾਡੇ ਤੋਂ ਖੋਹਣ ਦੀ ਆਗਿਆ ਨਹੀਂ ਦੇਵੇਗਾ।

Related Post