ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਬਿਆਨਬਾਜ਼ੀ ਮਗਰੋਂ ਨਿਹੰਗ ਸਿੰਘਾਂ ਨੇ ਘੇਰਿਆ ਰੋਹਿਤ ਸਾਹਨੀ ਦਾ ਦਫ਼ਤਰ

By  Jasmeet Singh November 15th 2022 09:10 PM

ਨਵੀਨ ਸ਼ਰਮਾ, (ਲੁਧਿਆਣਾ, 15 ਨਵੰਬਰ): ਲੁਧਿਆਣਾ ਦੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਹਿੰਦੂ ਆਗੂ ਰੋਹਿਤ ਸਾਹਨੀ ਦਾ ਕੁੱਝ ਨਿਹੰਗ ਸਿੰਘਾਂ ਵੱਲੋਂ ਦਫ਼ਤਰ ਘੇਰ ਲਿਆ ਗਿਆ। ਦਰਅਸਲ ਰੋਹਿਤ ਸਾਹਨੀ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਦਿਮਾਗ ਦਾ ਇਲਾਜ ਕਰਾਉਣ ਤੇ ਇਸ ਲਈ ਸਾਹਨੀ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦਾ ਚੈੱਕ ਦੇਣਗੇ। 

ਜਿਸ ਤੋਂ ਬਾਅਦ ਅੱਜ ਕੁੱਝ ਨਿਹੰਗ ਸਿੰਘਾਂ ਨੇ ਉਸ ਦੇ ਦਫ਼ਤਰ ਨੂੰ ਆਕੇ ਘੇਰ ਲਿਆ ਅਤੇ ਇਸ ਦੌਰਾਨ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 2 ਨਿਹੰਗਾਂ ਨੂੰ ਪੁਲਿਸ ਸਟੇਸ਼ਨ ਲੈ ਆਉਂਦਾ। ਇਸ ਦੌਰਾਨ ਕੁੱਝ ਹਿੰਦੂ ਨੇਤਾ ਵੀ ਇਕੱਠੇ ਹੋ ਕੇ ਥਾਣੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਮਾਹੌਲ ਤਣਾਅਪੂਰਨ ਹੋ ਗਿਆ। ਹਾਲਾਂਕਿ ਇਸ ਦੌਰਾਨ ਪੁਲਿਸ ਵੱਲੋਂ ਹੋਰ ਫੋਰਸ ਮੰਗਵਾ ਕੇ ਮਾਹੌਲ ਸ਼ਾਂਤ ਕਰਵਾ ਲਿਆ ਗਿਆ। 

ਦੋਵੇਂ ਧਿਰਾਂ ਦੇ ਆਗੂ ਇੱਕ ਦੂਜੇ 'ਤੇ ਇਲਜ਼ਾਮ ਲਗਾਉਂਦੇ ਵਿਖਾਈ ਦਿੱਤੇ। ਇਸ ਦੌਰਾਨ ਰੋਹਿਤ ਸਾਹਨੀ ਨੇ ਨੇ ਕਿਹਾ ਕਿ ਉਸ ਵੱਲੋਂ ਸਿੱਖ ਧਰਮ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਗਈ ਸਗੋਂ ਜੋ ਮਾਹੌਲ ਖਰਾਬ ਕਰ ਰਹੇ ਨੇ ਉਨ੍ਹਾਂ 'ਤੇ ਉਸ ਨੇ ਟਿੱਪਣੀ ਕੀਤੀ ਸੀ। ਜਿਸ ਵਿਚ ਹਿੰਦੂ ਜਥੇਬੰਦੀਆਂ ਦੇ ਕੁੱਝ ਆਗੂ ਵੀ ਆਉਂਦੇ ਹਨ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਵੀ, ਉਨ੍ਹਾਂ ਕਿਹਾ ਕਿ ਸਾਨੂੰ ਪ੍ਰਸ਼ਾਸ਼ਨ ਤੋਂ ਤਾਂ ਕੋਈ ਉਮੀਦ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ। 

ਉੱਥੇ ਹੀ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਏਡੀਸੀਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਅਸੀਂ ਮੌਕੇ 'ਤੇ ਆ ਕੇ ਹਾਲਾਤਾਂ 'ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ ਉਸ ਵੱਲੋਂ ਸ਼ਿਕਾਇਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋ ਨਿਹੰਗਾਂ ਨੂੰ ਫੜਿਆ ਹੈ ਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਸਬੰਧੀ ਉਹ ਕੁੱਝ ਖਲਾਸਾ ਕਰਨਗੇ। ਫਿਲਹਾਲ ਹਾਲਾਤਾਂ 'ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਤਰ੍ਹਾਂ ਦਾ ਕੋਈ ਤਣਾਅ ਨਹੀਂ ਹੈ।

Related Post