ਸਿਹਤ ਵਿਭਾਗ ਨੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਰੈਲੀ

By  Aarti December 13th 2022 02:04 PM

ਯੋਗੇਸ਼ (ਹੁਸ਼ਿਆਰਪੁਰ,13 ਦਸੰਬਰ): ਜ਼ਿਲ੍ਹੇ ਵਿੱਚ ਸਾਡੀਆਂ ਧੀਆਂ ਸਾਡੀ ਸ਼ਾਨ, ਬੇਟਾ ਬੇਟੀ ਇਕ ਸਮਾਨ ਸਮਾਜਿਕ ਚੇਤਨਾ ਦੇ ਮੱਦੇਨਜਰ ਸਿਹਤ ਵਿਭਾਗ ਵੱਲੋਂ ਫਿੱਟ ਸਾਈਕਲ ਸੰਸਥਾ ਦੇ ਸਹਿਯੋਗ ਨਾਲ ਇਕ ਪ੍ਰਭਾਸ਼ਾਲੀ ਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਕੀਤਾ ਗਿਆ। ਇਸ ਰੈਲੀ ਨੂੰ ਸਿਵਲ ਸਰਜਨ ਡਾਕਟਰ ਪ੍ਰੀਤ ਮੋਹਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਤੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ। 

ਇਹ ਰੈਲੀ ਪ੍ਰਭਾਤ ਚੌਕ, ਸੈਸ਼ਨ ਚੌਕ, ਰੇਲਵੇ ਰੋਡ, ਘੰਟਾ ਘਰ ਤੋਂ ਕਮਾਲਪੁਰ ਚੌਕ ਹੁੰਦੀ ਹੋਈ ਵਾਪਸ ਦਫ਼ਤਰ ਸਿਵਲ ਸਰਜਨ ਵਿਖੇ ਖਤਮ ਹੋਈ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾਕਟਰ ਪਵਨ ਕੁਮਾਰ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਨੀਲ ਅਹੀਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ ਅਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹਮੰਦ ਆਸਿਫ ਮੌਜੂਦ ਰਹੇ ਹਨ। 

ਸਿਵਲ ਸਰਜਨ ਨੇ ਕਿਹਾ ਕਿ ਬੇਟੀਆਂ ਸਾਡੇ ਸਮਾਜ ਦਾ ਇਕ ਮਹੱਤਵਪੂਰਨ ਅੰਗ ਹੈ ਅਤੇ ਇਸ ਤੋਂ ਬਿਨਾ ਸਾਡਾ ਭਵਿੱਖ ਅਧੂਰਾ ਹੈ। ਅੱਜ ਦੀ ਜਾਗਰੂਕਤਾ ਦੀ ਰੈਲੀ ਦਾ ਮੁੱਖ ਮੱਕਸਦ ਬੇਟਾ ਬੇਟੀ ਵਿੱਚ ਸਮਾਨਤਾ, ਧੀਆਂ  ਨੂੰ ਸਿੱਖਿਅਤ ਕਰਨਾ ਹੈ, ਕਿਉਂਕਿ ਜੋ ਇਕ ਬੇਟੀ ਦੇ ਸਿੱਖਿਅਤ ਹੋਣ ਨਾਲ ਦੋ ਪਰਿਵਾਰਾਂ ਨੂੰ ਲਾਭ ਮਿਲਦਾ ਹੈ। ਅਜੋਕੇ ਸਮੇਂ ਵਿੱਚ ਧੀਆਂ ਹਰ ਖੇਤਰ ਵਿੱਚ ਵੱਡੇ ਵੱਡੇ ਅਹੁਦੇ ਉੱਤੇ ਬੈਠੀਆਂ ਹੋਈਆਂ ਹਨ। 

ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਨੀਲ ਅਹੀਰ ਨੇ ਦੱਸਿਆ ਹੈ ਕਿ ਧੀਆਂ ਆਪਣੇ ਪਰਿਵਾਰ ਪ੍ਰਤੀ ਲੜਕਿਆਂ ਨਾਲੋਂ ਸੁਹਿੱਰਦ ਹਨ ਅਤੇ ਉਨ੍ਹਾਂ ਦੀ ਪਰਿਵਾਰ ਨਾਲ ਜ਼ਿਆਦਾ ਜਿਆਦਾ ਨਜਦੀਕੀ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਵਿੱਚ ਲੜਕਿਆਂ ਨੂੰ ਲੜਕੀਆਂ ਪ੍ਰਤੀ ਸਨਮਾਨ ਯੋਗ ਵਤੀਰਾ ਰੱਖਣ ਲਈ ਪ੍ਰੇਰਿਤ ਕਰਨ। ਸਿਹਤ ਵਿਭਾਗ ਬੇਟੀ ਬਚਾਓ ਮੁਹਿੰਮ ਤਹਿਤ ਲਿੰਗ ਨਿਰਧਾਰਿਤ ਐਕਟ ਦੀ ਸ਼ਖਤੀ ਨਾਲ ਪਾਲਣਾ ਲਈ ਪ੍ਰਤੀਬੱਧ ਹੈ।

​ਇਸੇ ਲੜੀ ਦੇ ਤਹਿਤ ਇੱਕ ਹੋਰ ਜਾਗਰੂਕਤਾ ਗਤੀਵਿਧੀ ਕਰਦੇ ਹੋਏ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਨੂੰ ਸਮਰਪਿਤ ਦੌੜ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਖ-2 ਸਲੋਗਨ ਦੀਆਂ ਤੱਖਤੀਆਂ ਰਾਹੀ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ। 

ਸਮਾਪਤੀ ਮੌਕੇ ਸਿਵਲ ਸਰਜਨ ਵੱਲੋਂ ਰੈਲੀ ਅਤੇ ਦੋੜ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਪ੍ਰਸੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ ਅਤੇ ਪੁਲਿਸ ਵਿਭਾਗ ਦਾ ਇਸ ਰੈਲੀ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ, ਭਲਕੇ ਹੋਵੇਗਾ ਅੰਤਿਮ ਸਸਕਾਰ

Related Post