ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ 'ਚ ਭਰਤੀ ਘੁਟਾਲੇ ਦੀ ਜਾਂਚ ਕਰਵਾਉਣ ਜਾ ਰਹੀ ਹੈ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਇਸ ਦੀ ਜਾਂਚ ਕਰਵਾਉਣਗੇ। ਇਸ ਦੇ ਲਈ ਹੁਣ ਆਮ ਆਦਮੀ ਪਾਰਟੀ ਸਰਕਾਰ 'ਚ ਮੰਤਰੀ ਬਣੇ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾਇਆ ਜਾਵੇਗਾ।
ਬੈਂਸ ਨੇ ਦਸਤਾਵੇਜ਼ਾਂ ਦੀ ਮਦਦ ਨਾਲ ਇਸ ਦਾ ਪਰਦਾਫਾਸ਼ ਕੀਤਾ ਸੀ। ਜਿਸ ਵਿੱਚ ਦੱਸਿਆ ਗਿਆ ਕਿ ਵਿਧਾਨ ਸਭਾ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀ ਅਤੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ। ਹੁਣ ਸਪੀਕਰ ਵੱਲੋਂ ਪਿਛਲੇ 5 ਸਾਲਾਂ ਵਿੱਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੌਰਾਨ ਕਾਂਗਰਸ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਨੌਕਰੀਆਂ ਦਿੱਤੀਆਂ ਸਨ। ਸੇਵਾਦਾਰ ਤੋਂ ਲੈ ਕੇ ਕਲਰਕ ਤੱਕ ਅਤੇ ਰਿਪੋਰਟਰ ਤੋਂ ਲੈ ਕੇ ਕਾਨੂੰਨੀ ਸਲਾਹਕਾਰ ਤੱਕ ਦੀਆਂ ਨੌਕਰੀਆਂ ਵਿੱਚ ਗੜਬੜੀ ਮਿਲੀ ਹੈ। ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਵੀ ਆਪਣੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਸ ਦੀ ਜਾਂਚ ਕਰਵਾਉਣ ਜਾ ਰਹੇ ਹਨ। ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਹਰਜੋਤ ਬੈਂਸ ਨੇ ਵਿਧਾਨ ਸਭਾ 'ਚ ਭਰਤੀ ਘੁਟਾਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਹਰਜੋਤ ਬੈਂਸ ਨੇ ਕਿਹਾ ਸੀ ਕਿ ਪਿਛਲੀ ਸਰਕਾਰ ਸਮੇਂ ਵਿਧਾਨ ਸਭਾ ਵਿੱਚ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਗਈਆਂ ਸਨ, ਉਹ ਸਭ ਨਜ਼ਦੀਕੀਆਂ ਨੂੰ ਦਿੱਤੀਆਂ ਗਈਆਂ ਸਨ।