ਵਿਵਾਦਿਤ ਬਿਆਨ ਨੂੰ ਲੈ ਕੇ ਮਲੇਰਕੋਟਲਾ 'ਚ Mohammad Mustafa ਖਿਲਾਫ਼ FIR ਦਰਜ
ਮਲੇਰਕੋਟਲਾ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਜੋ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਕਹੇ ਜਾਂਦੇ ਹਨ। ਉਹ ਹਾਲਹੀ 'ਚ ਹਿੰਦੂ ਭਾਈਚਾਰੇ ਵਿਰੁੱਧ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਇਸ ਮਾਮਲੇ 'ਤੇ ਹੁਣ ਪੰਜਾਬ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਧਾਰਾ 153-ਏ ਲਗਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਿਟੀ ਮਲੇਰਕੋਟਲਾ ਦੇ ਇੰਸਪੈਕਟਰ ਕਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਚੋਣ ਕਮਿਸ਼ਨ ਦੇ ਆਦੇਸ਼ਾਂ 'ਤੇ ਦਰਜ ਕੀਤੇ ਗਏ ਕੇਸ ਦਾ ਜ਼ਿਕਰ ਨਹੀਂ ਹੈ ਪਰ ਚੋਣ ਕਮਿਸ਼ਨ ਨੇ ਵੀਡੀਓ ਦਾ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਬੀਤੇ ਦਿਨੀ ਮੁਸਤਫਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮੁਹੰਮਦ ਮੁਸਤਫਾ 20 ਜਨਵਰੀ ਨੂੰ ਇੱਕ ਜਨਤਕ ਇੱਕਠ ਦੌਰਾਨ ਹਿੰਦੂਆਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦਿਆਂ ਸੁਣੇ ਜਾ ਸਕਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕਿਸੇ ਖਾਸ ਭਾਈਚਾਰੇ ਨੂੰ ਉਨ੍ਹਾਂ ਦੇ ਸਮਾਗਮਾਂ ਦੇ ਨੇੜੇ ਆਪਣੇ ਸਮਾਗਮਾਂ ਨੂੰ ਆਯੋਜਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਨਤੀਜੇ ਮਾੜੇ ਹੋਣਗੇ।
ਵੀਡੀਓ ਨੂੰ ਸਾਂਝਾ ਕਰਦੇ ਹੋਏ, ਭਾਜਪਾ ਦੀ ਰਾਸ਼ਟਰੀ ਬੁਲਾਰੇ ਸ਼ਾਜ਼ੀਆ ਇਲਮੀ ਨੇ ਨਵਜੋਤ ਸਿੱਧੂ ਦੇ ਸਹਿਯੋਗੀ 'ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ। ਨਫ਼ਰਤ ਭਰੇ ਭਾਸ਼ਣ ਦਾ ਵੀਡੀਓ ਸਭ ਤੋਂ ਪਹਿਲਾਂ ਭਾਜਪਾ ਪੰਜਾਬ ਯੂਥ ਵਿੰਗ ਦੇ ਬੁਲਾਰੇ ਚਿਰਾਂਸ਼ੂ ਰਤਨ ਨੇ ਸਾਂਝਾ ਕੀਤਾ ਸੀ।
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਾਜ਼ੀਆ ਇਲਮੀ ਨੇ ਕਿਹਾ "ਸਾਡੀ ਟੀਮ ਅਤੇ ਚਿਰਾਂਸ਼ੂ ਨੂੰ ਵੀਡੀਓ ਮਿਲੀ ਹੈ ਅਤੇ ਇਹ ਮੁਸਤਫਾ ਦੁਆਰਾ ਮਲੇਰਕੋਟਲਾ ਵਿੱਚ ਚੋਣ ਪ੍ਰਚਾਰ ਦੌਰਾਨ ਦਿੱਤਾ ਗਿਆ ਇੱਕ ਭਾਸ਼ਣ ਸੀ, ਜੋ ਕਿ ਇੱਕ ਮੁਸਲਿਮ ਬਹੁਲ ਖੇਤਰ ਹੈ। ਇਹ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਫ਼ਰਤ ਭਰਿਆ ਭਾਸ਼ਣ ਹੈ ਅਤੇ ਉਹ ਅਜਿਹਾ ਭਾਸ਼ਣ ਦੇ ਕੇ ਹਿੰਸਾ ਭੜਕਾਉਣ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।"
ਭਾਜਪਾ ਆਗੂਆਂ ਮੁਤਾਬਕ ਇਹ ਵੀਡੀਓ ਮਲੇਰਕੋਟਲਾ ਦੀ ਹੈ, ਜਿੱਥੇ ਪੰਜਾਬ ਦੀ ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਸਤਫਾ ਚੋਣ ਪ੍ਰਚਾਰ ਲਈ ਗਏ ਹੋਏ ਸਨ। ਉਨ੍ਹਾਂ ਅੱਗੇ ਕਿਹਾ, "ਚੋਣ ਕਮਿਸ਼ਨ ਨੂੰ ਇਸ ਵੀਡੀਓ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਰਜ਼ੀਆ, ਜੋ ਕਿ ਮਲੇਰਕੋਟਲਾ ਤੋਂ ਵਿਧਾਇਕ ਹੈ, ਨੂੰ ਪੰਜਾਬ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ।"