ਚੰਡੀਗੜ੍ਹ : ਪੰਜਾਬ ਪੁਲਿਸ ਦੇ ਮਨੋਬਲ ਨੂੰ ਹੁਲਾਰਾ ਦੇਣ ਲਈ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ 101 ਸਬ-ਇੰਸਪੈਕਟਰਾਂ, ਜਿਨ੍ਹਾਂ ਵਿੱਚ 95 ਮਹਿਲਾ ਅਧਿਕਾਰੀ ਸ਼ਾਮਲ ਹਨ, ਨੂੰ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦਿੱਤੀ। 101 ਪੁਲਿਸ ਮੁਲਾਜ਼ਮਾਂ ਦੀ ਇਸ ਤਰੱਕੀ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੰਸਪੈਕਟਰ ਰੈਂਕ ਦੀਆਂ ਸਾਰੀਆਂ ਅਸਾਮੀਆਂ ਭਰ ਦਿੱਤੀਆਂ ਗਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਅੱਜ ਅਸੀਂ 101 ਸਬ-ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਜੋ ਨਾ ਸਿਰਫ ਫੀਲਡ ਵਿੱਚ ਸੁਪਰਵਾਇਜ਼ਰੀ ਪੱਧਰ 'ਤੇ ਸਟਾਫ ਦੀ ਕਮੀ ਨੂੰ ਦੂਰ ਕਰੇਗਾ। ਸਗੋਂ ਅਧਿਕਾਰੀਆਂ ਨੂੰ ਤਰੱਕੀ ਦਾ ਉਨ੍ਹਾਂ ਦਾ ਬਣਦਾ ਹੱਕ ਵੀ ਦੇਵੇਗਾ। ਡੀਜੀਪੀ ਨੇ ਇੱਥੇ ਕੁਝ ਪਦਉੱਨਤ ਅਧਿਕਾਰੀਆਂ ਦੇ ਮੋਢਿਆਂ 'ਤੇ ਸਿਤਾਰੇ ਲਾਉਂਦੇ ਹੋਏ ਸਾਰਿਆਂ ਨੂੰ ਤਰੱਕੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਰੀਆਂ 95 ਪ੍ਰਮੋਟ ਹੋਈਆਂ ਮਹਿਲਾ ਅਧਿਕਾਰੀ 2015 ਬੈਂਚ ਦੇ ਸਿੱਧੇ ਤੌਰ 'ਤੇ ਭਰਤੀ ਸਬ-ਇੰਸਪੈਕਟਰਾਂ ਦੀਆਂ ਹਨ ਅਤੇ ਉਨ੍ਹਾਂ ਕੋਲ ਸੱਤ ਸਾਲ ਦਾ ਫੀਲਡ ਤਜਰਬਾ ਹੈ। ਜਦਕਿ ਬਾਕੀ ਛੇ ਸਬ-ਇੰਸਪੈਕਟਰ, ਜੋ ਹੁਣ ਇੰਸਪੈਕਟਰ ਬਣ ਗਏ ਹਨ, ਆਪਣੀ ਤਰੱਕੀ ਦੀ ਉਡੀਕ ਕਰ ਰਹੇ ਸਨ। ਸਮੇਂ ਸਿਰ ਤਰੱਕੀਆਂ ਨੂੰ ਹਰੇਕ ਪੁਲਿਸ ਅਧਿਕਾਰੀ ਦਾ ਅਧਿਕਾਰ ਕਰਾਰ ਦਿੰਦਿਆਂ ਡੀਜੀਪੀ ਨੇ ਸਮੁੱਚੀ ਪੁਲਿਸ ਫੋਰਸ ਨੂੰ ਜਲਦੀ ਹੀ ਉਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ ਤੇ ਸਬ-ਇੰਸਪੈਕਟਰ ਸਮੇਤ ਸੁਪਰਵਾਈਜ਼ਰੀ ਪੱਧਰ 'ਤੇ ਸਾਰੀਆਂ ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ। ਇਸ ਦੌਰਾਨ ਇਹ ਕਦਮ ਪੰਜਾਬ ਸਰਕਾਰ ਦਾ ਮਹਿਲਾ ਸਸ਼ਕਤੀਕਰਨ ਵੱਲ ਇੱਕ ਹੋਰ ਉਪਰਾਲਾ ਹੈ ਕਿਉਂਕਿ ਇਸ ਬੈਚ ਦੀ ਤਰੱਕੀ ਨਾਲ ਪੁਲਿਸ ਫੋਰਸ ਵਿੱਚ ਸੁਪਰਵਾਈਜ਼ਰੀ ਪੱਧਰ 'ਤੇ ਔਰਤਾਂ ਦੀ ਨੁਮਾਇੰਦਗੀ ਵਧੇਗੀ। ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਸਲਾਹਕਾਰ ਕਮੇਟੀ 'ਤੇ ਵਿਰੋਧੀ ਧਿਰਾਂ ਨੂੰ ਸ਼ੰਕੇ