ਚੰਡੀਗੜ੍ਹ : ਅੱਜ ਦੀ ਨੌਜਵਾਨ ਪੀੜ੍ਹੀ ਡਾਲਰਾਂ ਦੀ ਚਕਾਚੌਂਧ ਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀ ਪਿਤਰੀ ਭੂਮੀ ਨਾਲੋਂ ਮੋਹ ਤੋੜਦੀ ਜਾ ਰਹੀ ਹੈ। ਪੰਜਾਬ ਵਿਚੋਂ ਕਾਨੂੰਨੀ ਤੇ ਗੈਰਕਾਨੂੰਨੀ ਦੋਵਾਂ ਤਰੀਕਿਆਂ ਨਾਲ ਪਰਦੇਸਾਂ ਨੂੰ ਪਰਵਾਸ ਜਾਰੀ ਹੈ। ਇਸ ਵਰਤਾਰੇ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿਚ ਵੱਧ ਰਹੀ ਬੇਰੁਜ਼ਗਾਰੀ, ਗੈਂਗਸਟਰ, ਨਸ਼ੇ ਤੇ ਹੋਰ ਅਲਮਾਤਾਂ ਹਨ। ਖੇਤੀ ਪ੍ਰਧਾਨ ਸੂਬੇ ਪੰਜਾਬ ਵਿਚ ਖੇਤੀਬਾੜੀ ਵੀ ਹੁਣ ਘਾਟਾ ਵਾਲਾ ਧੰਦਾ ਬਣਦਾ ਜਾ ਰਿਹਾ ਹੈ। ਪੰਜਾਬ ਵਿਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ਉਤੇ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ ਲੋਚਦਾ ਹੈ ਤਾਂ ਕਿ ਉਹ ਬਾਹਰੀ ਦੇਸ਼ਾਂ ਵਿਚ ਜਾ ਕੇ ਆਪਣਾ ਉਜਵਲ ਭਵਿੱਖ ਬਣਾ ਸਕਣ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ਉਤੇ ਬਿਲਕੁਲ ਵੀ ਗੌਰ ਨਹੀਂ ਕਰ ਰਹੀਆਂ। ਪੰਜਾਬ ਅੰਦਰ ਇਸ ਤਬਦੀਲੀ ਨਾਲ ਡੂੰਘੇ ਸਮਾਜਿਕ ਤੇ ਆਰਥਿਕ ਪ੍ਰਭਾਵ ਵੀ ਪੈਣਗੇ। ਪੰਜਾਬ ਵਿਚੋਂ ਜ਼ਿਆਦਾਤਰ ਨੌਜਵਾਨ ਪੜ੍ਹਾਈ ਨੂੰ ਜ਼ਰੀਆ ਹੀ ਬਣਾ ਕੇ ਵਿਦੇਸ਼ਾਂ ਦੀ ਉਡਾਨ ਭਰਦੇ ਹਨ। ਪੜ੍ਹਾਈ ਕਰ ਰਹੇ ਨੌਜਵਾਨਾਂ ਤੇ ਨੌਕਰੀਪੇਸ਼ਾ ਲੋਕਾਂ ਲਈ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਸਮੇਂ-ਸਮੇਂ ਉਤੇ ਐਡਵਾਇਜ਼ਰੀ ਜਾਰੀ ਕਰਦੀਆਂ ਹਨ। ਸਰਕਾਰਾਂ ਪੜ੍ਹਾਈ, ਕੰਮ ਕਰਨ ਦੀ ਸਮਾਂ ਹੱਦ, ਘਟਨਾਵਾਂ ਵਾਲਾ ਏਰੀਆ, ਗੈਂਗਸਟਰਾਂ ਤੇ ਹੋਰ ਹਦਾਇਤਾਂ ਜਾਰੀ ਕਰਦੀਆਂ ਰਹਿੰਦੀਆਂ ਹਨ। ਕਈ ਵਾਰ ਇਹ ਨੌਜਵਾਨਾਂ ਲਈ ਵੱਡੀ ਸਿਰਦਰਦੀ ਬਣ ਜਾਂਦੀਆਂ ਹਨ। ਲੱਖਾਂ ਰੁਪਏ ਖ਼ਰਚ ਕੇ ਕੈਨੇਡਾ, ਅਮਰੀਕਾ ਤੇ ਯੂਕੇ ਵਰਗੇ ਦੇਸ਼ਾਂ ਵਿਚ ਜਾ ਕੇ ਪੰਜਾਬ ਦੇ ਨੌਜਵਾਨ ਗੈਂਗਸਟਰ ਤੇ ਅਪਰਾਧੀ ਬਣ ਰਹੇ ਹਨ। ਕੈਨੇਡਾ ਦੇ ਸਰੀ 'ਚ ਪੰਜਾਬ ਤੋਂ ਪੜ੍ਹਾਈ ਕਰਨ ਗਏ ਨੌਜਵਾਨਾਂ ਨੇ ਹੰਗਾਮਾ ਮਚਾ ਦਿੱਤਾ ਸੀ। ਕੈਨੇਡੀਅਨ ਸਰਕਾਰ ਨੇ 40 ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਨਿਯਮ ਤੋੜਨ, ਪੁਲਿਸ ਅਧਿਕਾਰੀ ਦੀ ਡਿਊਟੀ ਵਿੱਚ ਰੁਕਾਵਟ ਪਾਉਣ, ਕਾਰ ਨੂੰ ਘੇਰ ਕੇ ਬਾਹਰ ਨਿਕਲਣ ਤੇ ਰਸਤਾ ਰੋਕਣ ਦੇ ਦੋਸ਼ ਹੇਠ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਿਸ ਦੇ ਕਾਂਸਟੇਬਲ ਸਰਬਜੀਤ ਸੰਘਾ ਨੇ ਉੱਥੇ ਇੱਕ ਸਥਾਨਕ ਰੇਡੀਓ ਨੂੰ ਦੱਸਿਆ ਕਿ ਹੰਗਾਮੇ ਵਿਚ ਸ਼ਾਮਲ ਸਾਰੇ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੱਛਮੀ ਦੇਸ਼ਾਂ ਵਿਚ ਵੱਧ ਰਹੇ ਗਨ ਕਲਚਰ ਨੇ ਮਾਪਿਆਂ ਤੇ ਵਿਦਿਆਰਥੀਆਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਬੀਤੇ ਦਿਨੀਂ ਇਕ ਹੁਸ਼ਿਆਰਪੁਰ ਦੇ ਇਕ ਸਿੱਖ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤਰ੍ਹਾਂ ਹੀ ਅਮਰੀਕਾ ਦੇ ਮੈਕਸੀਕੋ ਸ਼ਹਿਰ ਵਿਚ ਗੋਲੀਬਾਰੀ ਦੌਰਾਨ ਮੇਅਰ ਸਮੇਤ 18 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਘਟਨਾਵਾਂ ਹਨ ਜੋ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇਸ ਤੋਂ ਇਲਾਵਾ ਗ਼ੈਰ ਸਮਾਜਿਕ ਅਨਸਰਾਂ ਲਈ ਵੀ ਨੌਜਵਾਨ ਹਮੇਸ਼ਾ ਸਾਫਟ ਟਾਰਗੇਟ ਹੁੰਦੇ ਹਨ, ਜਿਸ ਜ਼ਰੀਏ ਉਹ ਮੁੰਡੇ-ਕੁੜੀਆਂ ਨੂੰ ਬਹਿਲਾ-ਫੁਸਲਾ ਕੇ ਗਲਤ ਰਸਤੇ ਪਾ ਦਿੰਦੇ ਹਨ। ਇਸ ਦੇ ਨਤੀਜੇ ਹਮੇਸ਼ਾ ਹੀ ਬਹੁਤ ਭਿਆਨਕ ਹੁੰਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੀ ਗੈਰ ਸਮਾਜਿਕ ਅਨਸਰਾਂ ਲਈ ਵੱਡਾ ਹਥਿਆਰ ਸਾਬਿਤ ਹੋ ਰਿਹਾ ਹੈ। ਉਹ ਸੋਸ਼ਲ ਮੀਡੀਆ ਰਾਹੀਂ ਖ਼ਾਲਿਸਤਾਨ ਜਾਂ ਹਿੰਦੂ ਰਾਸ਼ਟਰ ਦੇ ਨਾਮ ਉਤੇ ਭੜਕਾਉਣ ਦੀਆਂ ਕੋਸ਼ਿਸ਼ ਕਰਦੇ ਹਨ ਜਿਸ ਦੀ ਜੱਦ ਹੇਠ ਨੌਜਵਾਨ ਜਲਦੀ ਹੀ ਆ ਜਾਂਦੇ ਹਨ। ਸਭ ਤੋਂ ਵੱਡੀ ਤਰਾਸਦੀ ਇਹ ਕਿ ਵਿਦੇਸ਼ਾਂ 'ਚ ਵਸੇ ਹੋਏ ਪੰਜਾਬੀ ਨੌਜਵਾਨ ਮਾਨਸਿਕ ਤਣਾਅ, ਕੰਮ ਦੇ ਵਾਧੂ ਬੋਝ, ਪਿਛੋਕੜ ਦੀਆਂ ਸਮੱਸਿਆਵਾਂ ਤੇ ਕਰਜ਼ਿਆਂ ਦੀ ਪੰਡ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦੇ ਦੌਰੇ ਪੈਣ ਤੇ ਹੋਰ ਭਿਆਨਕ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸ ਕਾਰਨ ਪੰਜਾਬ ਦੇ ਲੋਕ ਭੰਬਲਭੂਸੇ ਵਾਲੀ ਸਥਿਤੀ 'ਚ ਹਨ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਵਿਚ ਰੱਖਣ ਜਾਂ ਵਿਦੇਸ਼ ਭੇਜਣ। ਇਹ ਵੀ ਪੜ੍ਹੋ:ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾਰੀ