ਚੰਡੀਗੜ੍ਹ : ਐਸਵਾਈਐਲ ਮੁੱਦੇ ਉਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇਗਾ। ਪੰਜਾਬ ਕੋਲ ਕਿਸੇ ਦੂਜੇ ਸੂਬੇ ਲਈ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪ੍ਰਧਾਨ ਦਾ ਬਿਆਨ ਮੈਂ ਨਹੀਂ ਸੁਣਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਵੇਗਾ ਤੇ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇਗਾ। ਕਾਬਿਲੇ ਗ਼ੌਰ ਹੈ ਕਿ ਸਤਲੁਜ ਜਮੁਨਾ ਲਿੰਕ ਨਹਿਰ (SYL)'ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਐਸਵਾਈਐੱਲ ਦੀ ਗਰੰਟੀ ਦਿੱਤੀ ਹੈ। ਸੁਸ਼ੀਲ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹਰਿਆਣਾ ਨੂੰ SYLਦਾ ਪਾਣੀ ਮਿਲੇਗਾ'। ਇੰਨਾ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਕਿ 'ਹਰ ਪਿੰਡ 'ਚ SYL ਨਹਿਰ ਦਾ ਪਾਣੀ ਪਹੁੰਚੇਗਾ ਅਤੇ ਸੂਬੇ ਦੇ ਹਰ ਖੇਤ ਨੂੰ ਪਾਣੀ ਮਿਲੇਗਾ।' ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਐਸਵਾਈਐਲ ਦਾ ਹੱਲ ਹੀ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਵੀ ਆਮ ਆਦਮੀ ਪਾਰਟੀ ਕਰੇਗੀ। ਇਸ ਤੋਂ ਪਹਿਲਾਂ ਗੁਪਤਾ ਨੇ ਦਾਅਵਾ ਕੀਤਾ ਸੀ ਕਿ 2024 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਦਿੱਲੀ ਵਾਂਗ ਹਰਿਆਣਾ ਵਿੱਚ ਚੰਗੇ ਸਕੂਲ, ਚੰਗੀ ਸਿੱਖਿਆ, ਹਸਪਤਾਲ ਤੇ ਮੁਫਤ ਬਿਜਲੀ ਦੀ ਸਹੁਲਤ ਮਿਲੇਗੀ। ਰਾਜਧਾਨੀ ਚੰਡੀਗੜ੍ਹ ਤੋਂ ਬਾਅਦ ਹੁਣ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਹਰਿਆਣਾ ਵੱਲੋਂ ਇਸ ਮਾਮਲੇ 'ਚ ਪੰਜਾਬ ਖਿਲਾਫ ਸੁਪਰੀਮ ਕੋਰਟ 'ਚ ਮਾਣਹਾਨੀ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਕਰਨ ਦੀ ਚਰਚਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਅਲਰਟ ਕੀਤਾ ਹੈ। ਰਾਜਾ ਵੜਿੰਗ ਨੇ 'ਆਪ' ਸਰਕਾਰ ਦੇ ਸੀਐਮ ਮਾਨ ਨੂੰ ਕਾਨੂੰਨੀ ਲੜਾਈ ਦੀ ਤਿਆਰੀ ਕਰਨ ਲਈ ਕਿਹਾ ਹੈ। ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਕਿ ਦੁਸ਼ਮਣ ਬੂਹੇ 'ਤੇ ਖੜ੍ਹਾ ਹੈ, ਤੁਹਾਡੀਆਂ ਕੀ ਤਿਆਰੀਆਂ ਹਨ? ਸਾਰੀਆਂ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਕਾਨੂੰਨੀ ਲੜਾਈ ਦੀ ਤਿਆਰੀ ਕੀਤੀ ਜਾਵੇ। ਹਾਲਾਂਕਿ ਮਾਨ ਸਰਕਾਰ ਨੇ ਇਸ ਪੂਰੇ ਮਾਮਲੇ 'ਤੇ ਚੁੱਪ ਧਾਰੀ ਹੋਈ ਹੈ। ਇਹ ਵੀ ਪੜ੍ਹੋ : ਵਾਰਮਰ 'ਚ ਤਕਨੀਕੀ ਖ਼ਰਾਬ ਕਾਰਨ ਤਾਪਮਾਨ ਵਧਿਆ, ਦੋ ਨਵਜੰਮੇ ਬੱਚਿਆਂ ਦੀ ਹੋਈ ਮੌਤ