ਧੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪਿਓ ਰਹਿਮ ਦਾ ਹੱਕਦਾਰ ਨਹੀਂ: ਹਾਈ ਕੋਰਟ
ਚੰਡੀਗੜ੍ਹ: ਹਰ ਘਰ ਵਿੱਚ ਧੀਆਂ ਬਾਪ ਦੀਆਂ ਲਾਡਲੀਆਂ ਹੁੰਦੀਆਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਪੁੱਤਰ ਆਪਣੀਆਂ ਮਾਵਾਂ ਦੇ ਨੇੜੇ ਹੁੰਦੇ ਹਨ ਤਾਂ ਧੀਆਂ ਆਪਣੇ ਪਿਤਾ ਦੇ ਨੇੜੇ ਹੁੰਦੀਆਂ ਹਨ। ਘਰ ਦਾ ਸਭ ਤੋਂ ਪਿਆਰਾ ਰਿਸ਼ਤਾ ਪਿਤਾ ਅਤੇ ਧੀ ਦਾ ਹੁੰਦਾ ਤੇ ਇੱਕ ਡੂੰਘਾ ਪਿਆਰ ਅਤੇ ਲਗਾਵ ਹੁੰਦਾ ਹੈ, ਇਸੇ ਲਈ ਉਮਰ ਦੇ ਹਰ ਪੜਾਅ 'ਤੇ ਪਿਤਾ ਉਨ੍ਹਾਂ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ ਪਰ ਇਥੇ ਤੇ ਬੱਚੇ ਪਿਤਾ ਦਾ ਕੁਝ ਹੋਰ ਵਤੀਰਾ ਵੇਖਣ ਨੂੰ ਮਿਲਿਆ ਹੈ। ਬੱਚੇ ਪਿਤਾ ਨੂੰ ਸਰੀਰਕ ਤੇ ਜਜ਼ਬਾਤੀ ਤੌਰ 'ਤੇ ਇੱਕ ਰੱਖਿਅਕ ਵਜੋਂ ਵੇਖਦੇ ਹਨ ਪਰ ਇਸ ਮਾਮਲੇ 'ਚ ਇੱਕ ਪਿਓ ਨੇ ਆਪਣੀ ਹੀ ਧੀ ਨੂੰ ਆਪਣੀ ਹਵਸ ਲਈ ਅਪਵਿੱਤਰ ਕਰ ਦਿੱਤਾ। ਅਜਿਹੀ ਹਰਕਤ ਲਈ ਦੋਸ਼ੀ ਵਿਅਕਤੀ 'ਤੇ ਕਿਸੇ ਵੀ ਤਰ੍ਹਾਂ ਰਹਿਮ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਟਿੱਪਣੀਆਂ ਦੇ ਨਾਲ ਹੀ ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ 13 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਪਿਤਾ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ। ਦੱਸਣਯੋਗ ਹੈ ਕਿ ਕੁਰੂਕਸ਼ੇਤਰ ਦੇ ਰਹਿਣ ਵਾਲੇ ਪਿਓ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਦੀ ਹੇਠਲੀ ਅਦਾਲਤ ਨੇ ਉਸ ਨੂੰ ਜੂਨ 2016 'ਚ ਆਪਣੀ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 13 ਸਾਲ ਦੀ ਸਜ਼ਾ ਸੁਣਾਈ ਸੀ। ਇਲਜ਼ਾਮ ਅਨੁਸਾਰ ਪਟੀਸ਼ਨਰ ਆਪਣੀ ਪਤਨੀ ਦੀ ਗ਼ੈਰ-ਹਾਜ਼ਰੀ 'ਚ 8ਵੀਂ ਜਮਾਤ ਵਿੱਚ ਪੜ੍ਹਦੀ 15 ਸਾਲਾ ਧੀ ਨਾਲ ਬਲਾਤਕਾਰ ਕਰਦਾ ਸੀ। ਇਹ ਗੱਲ ਉਸ ਦੀ ਬੇਟੀ ਨੇ ਆਪਣੇ ਅਧਿਆਪਕ ਨੂੰ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਹ ਵੀ ਪੜ੍ਹੋ: IPL ਮੈਚ 2022 'ਚ ਕੈਮਰਾਮੈਨ ਨੇ ਦੁਨੀਆ ਨੂੰ ਦਿਖਾਇਆ ਕਿੱਸਾ 'Kiss'' ਦਾ...ਸੋਸ਼ਲ ਮੀਡਿਆ 'ਤੇ Memes ਦਾ ਹੜ੍ਹ ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਨੇ ਪੀੜ੍ਹਤਾ ਦੇ 2 ਅਧਿਆਪਕਾਂ ਦੇ ਬਿਆਨ ਵੀ ਦਰਜ ਕੀਤੇ ਹਨ। ਬਿਆਨ 'ਚ ਉਨ੍ਹਾਂ ਨੇ ਕਿਹਾ ਸੀ ਕਿ ਪੀੜ੍ਹਤਾ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਨੇ ਬੱਚੀ ਨਾਲ 4 ਵਾਰ ਬਲਾਤਕਾਰ ਕੀਤਾ ਸੀ। ਹਾਈ ਕੋਰਟ ਨੇ ਕਿਹਾ ਕਿ ਮੌਜੂਦਾ ਸਬੂਤਾਂ ਦੇ ਮੱਦੇਨਜ਼ਰ ਪੀੜ੍ਹਤਾ ਦੇ ਪਿੱਛੇ ਹਟਣ ਤੋਂ ਬਾਅਦ ਵੀ ਪਟੀਸ਼ਨਕਰਤਾ ਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਆਧਾਰ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਕੁਰੂਕਸ਼ੇਤਰ ਦੀ ਹੇਠਲੀ ਅਦਾਲਤ ਦੇ ਫ਼ੈਸਲੇ 'ਤੇ ਮੋਹਰ ਲਗਾਉਂਦੇ ਹੋਏ ਪਿਓ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ। -PTC News